ਚੜ੍ਹਦੇ ਪੰਜਾਬ ਦੀਆਂ ਫ਼ਿਲਮਾਂ

By Jasdeep Singh & Kuldeep Kaur in Cinema Essay

September 21, 2018 Jasdeep Singh Jasdeep Singh

ਜਸਦੀਪ ਸਿੰਘ ਅਤੇ ਕੁਲਦੀਪ ਕੌਰ

ਸੰਨ ਸੰਤਾਲੀ ਤਕ ਪੰਜਾਬੀ ਕਲਚਰ ਵਾਂਙ ਪੰਜਾਬੀ ਫ਼ਿਲਮ ਸਨਅਤ ਦਾ ਮਰਕਜ਼ ਵੀ ਲਾਹੌਰ ਹੀ ਸੀ। ਬਟਵਾਰੇ ਦੌਰਾਨ ਲਾਹੌਰ ਦੇ ਬਹੁਤੇ ਫ਼ਿਲਮ ਸਟੂਡੀਓ ਤੇ ਸਿਨੇਮੇ ਉੱਜੜ ਗਏ। ਬਹੁਤੇ ਕਲਾਕਾਰ, ਫ਼ਿਲਮਸਾਜ਼, ਤਕਨੀਕੀ ਕਾਰੀਗਰ ਰਾਵੀ ਪਾਰ ਰਹਿ ਗਏ ਫ਼ਿਲਮ ਸਨਅਤਕਾਰ, ਫ਼ਿਲਮ ਲੇਖਕ ਤੇ ਫ਼ਿਲਮ ਸੰਗੀਤਕਾਰ ਹਿਜਰਤ ਕਰਕੇ ਦਿੱਲੀ, ਬੰਬੇ ਜਾਂ ਸ਼ਿਮਲੇ ਜਾ ਵਸੇ। ਪੰਜਾਬੀ ਸਿਨੇਮੇ ਦਾ ਲੱਕ ਟੁੱਟ ਗਿਆ।

ਨਹਿਰੂਵਾਦੀ ਸਮਾਜਵਾਦ

ਸੰਨ ਸੰਤਾਲੀ ਤੋਂ ਬਾਅਦ ‘ਚਮਨ’, ‘ਕੌਡੇ ਸ਼ਾਹ’, ‘ਗੁੱਲ-ਬਲੋਚ’, ‘ਗੁਆਂਢੀ’ ਤੇ ‘ਰਾਵੀ ਪਾਰ’ ਫ਼ਿਲਮਾਂ ਦੀ ਚਰਚਾ ਲਗਾਤਾਰ ਹੁੰਦੀ ਰਹੀ ਹੈ। ਫ਼ਿਲਮਾਂ ਵਿਚ ਸ਼ਹਿਰੀ ਕਹਾਣੀ ਹਾਵੀ ਹੋਣ ਲੱਗੀ। ਹਾਸ-ਰਸ ਦੇ ਨਾਮ ’ਤੇ ਸਸਤੇ ਚੁਟਕਲਿਆਂ, ਮਸ਼ਕੂਲਿਆਂ ਤੇ ਕੁਹਜੇ ਮੁਕਾਲਮਿਆਂ ਦਾ ਦੌਰ ਆ ਗਿਆ। ਅਜਿਹੀਆਂ ਫ਼ਿਲਮਾਂ ਬਣਨ ਦੇ ਦੌਰ ਵਿੱਚ ‘ਚਮਨ’ (1948) ਅਪਣੀ ਸਿਆਸੀ ਰੰਗਤ ਨਾਲ਼ ਧਿਆਨ ਖਿੱਚਦੀ ਹੈ। ਇਸ ਵਿਚ ਲੱਗੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਦਾ ਅਗਲਾ ਵਰਕਾ ਫ਼ਿਲਮ ‘ਸਤਲੁੱਜ ਦੇ ਕੰਢੇ’ (1964) ’ਤੇ ਖੁੱਲ੍ਹਦਾ ਹੈ। ਫ਼ਿਲਮ ਦੇ ਅਹਿਮ ਦ੍ਰਿਸ਼ ਵਿਚ ਪਠਾਣ ਮਾਮਾ ਜਦੋਂ ਇੰਜੀਨਅਰ ਜਵਾਈ ਦੇ ਰੂਪ ਵਿੱਚ ਆਪਣੇ ਦਫਤਰ ਵਿੱਚ ਬੈਠੇ ਬਲਰਾਜ ਸਾਹਣੀ ਤੇ ਭਾਖੜਾ-ਡੈਮ ਦੀ ਉਸਾਰੀ ਦਾ ਟੈਂਡਰ ਪਾਸ ਕਰਵਾਉਣ ਲਈ ਜ਼ੋਰ ਪਾਉਂਦਾ ਹੈ, ਤਾਂ ਬਲਰਾਜ ਸਾਹਨੀ ਗੁੱਸੇ ਵਿਚ ਆਖਦਾ ਹੈ:

ਜਿਹੜੀ ਪੰਜਾਬ ਦੀ ਧਰਤੀ ਤੇ ਅੱਜ ਮੈਂ ਖੜ੍ਹਾਂ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਜਿਹਨਾਂ ਨੇ ਨਿਤਾਣਿਆਂ ਨੂੰ ਤਾਣ ਤੇ ਨਿਮਾਣਿਆਂ ਨੂੰ ਮਾਣ ਬਖ਼ਸ਼ਿਆ। ਅਪਣੇ ਸੀਸ ਕਟਵਾਏ, ਜਿਊਂਦੇ ਬੱਚਿਆਂ ਨੂੰ ਮਰਵਾਇਆ, ਖ਼ੂਨ ਦਿੱਤਾ, ਸਰਬੰਸ ਵਾਰਿਆ, ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਤੂੰ ਇਸ ਸਤਲੁਜ ਦੇ ਕੰਢੇ ਖੂਨ ਵਹਾਵੇਂਗਾ? ਅਪਣੇ ਮੂੰਹ ’ਤੇ ਕਾਲ਼ਖ ਮਲਂੇਗਾ? ਭਾਖੜਾ ਡੈਮ ਰੁਕ ਗਆ ਤਾਂ ਪੰਜਾਬ ਰੁਲ ਜੂ।

ਇਸ ਫ਼ਿਲਮ ਵਿਚ ਇਕ ਹੋਰ ਥਾਂ ਬਲਰਾਜ ਸਾਹਨੀ ਹੌਲਦਾਰ ਨੂੰ ਆਖਦਾ ਹੈ:

ਇਕ ਭਾਖੜਾ ਪਿੰਡ ਡੁੱਬੇਗਾ,
ਸਾਰੇ ਦੇਸ਼ ਨੂੰ ਅਨਾਜ ਮਿਲੇਗਾ।

‘ਸਤਲੁਜ ਦੇ ਕੰਢੇ’ ਵਿਚ ਬਲਰਾਜ ਸਾਹਨੀ

‘ਸਤਲੁਜ ਦੇ ਕੰਢੇ’ ਵਿਚ ਬਲਰਾਜ ਸਾਹਨੀ

ਇਸ ਫ਼ਿਲਮ ਨੇ ਜਿੱਥੇ ਜਵਾਹਰ ਲਾਲ ਨਹਿਰੂ ਦੀ ਸਮਾਜਵਾਦੀ ਮਾਡਲ ਤਹਿਤ ਨਵੀਂ-ਉਸਾਰੀ ਦੀ ਜ਼ਾਮਨੀ ਭਰੀ, ਓਥੇ ਆਜ਼ਾਦੀ ਲਹਿਰ ਦੇ ਵੇਲੇ ਦੀਆਂ ਉਮੀਦਾਂ ਬਾਰੇ ਜ਼ਮੀਨੀ ਪੱਧਰ ਤੇ ਸੰਵਾਦ ਛੇੜਣ ਦਾ ਸੁਨੇਹਾ ਵੀ ਦਿੱਤਾ। ਇਸ ਫ਼ਿਲਮ ਨੂੰ ਦੇਖਦਿਆਂ ਵਾਰ-ਵਾਰ ਇਹ ਖ਼ਿਆਲ ਆਉਂਦਾ ਹੈ ਕਿ ਬਟਵਾਰੇ ਦੇ ਝੰਬੇ ਤੇ ਉਜਾੜੇ ਨਾਲ ਬੌਂਦਲੇ ਪੰਜਾਬੀਆਂ ਨੇ ਇਸ ਫ਼ਿਲਮ ਦੇ ਦਿੱਤੇ ਸੁਨੇਹੇ ਨੂੰ ਕਿਵੇਂ ਸੁਣਿਆਂ ਹੋਵੇਗਾ। ਇਸ ਸੁਨੇਹੇ ਦੀਆਂ ਤੰਦਾਂ ਹੀ ਅੱਗੇ ‘ਹਰੇ ਇਨਕਲਾਬ’ ਦੀਆਂ ਸੂਤਰਧਾਰ ਬਣਦੀਆਂ ਹਨ। ਪੰਜਾਬੀ ਸਿਨੇਮੇ ਨੇ ਬਟਵਾਰੇ ਨੂੰ ਕਿਵੇਂ ਦੇਖਿਆ? ਇਸ ਸਵਾਲ ਦੇ ਕੁਝ ਜਵਾਬ ਫ਼ਿਲਮ ‘ਚੌਧਰੀ ਕਰਨੈਲ ਸਿੰਘ’(1960) ਵਿਚ ਪਏ ਹਨ। ਕ੍ਰਿਸ਼ਨ ਕੁਮਾਰ ਦੀ ਬਣਾਈ ਤੇ ਬੇਕਲ ਅੰਮ੍ਰਿਤਸਰੀ ਦੀ ਲਿਖੀ ਇਸ ਫ਼ਿਲਮ ਨੇ ‘ਸੈਕੂਲਰਿਜਮ’ ਅਤੇ ‘ਸਹਿਹੋਂਦ’ ਦੇ ਅਹਿਮ ਮੁੱਦਿਆਂ ਨੂੰ ਪਰਦੇ ’ਤੇ ਪੇਸ਼ ਕੀਤਾ। ਫ਼ਿਲਮ ਭਾਈਚਾਰਕ ਸਾਂਝ ਦੇ ਪੱਖ ਵਿਚ ਤਕੜਾ ਤਰਕ ਉਸਾਰਦੀ ਹੈ ਬੇਸ਼ੱਕ ਇਸ ਵਿਚ ਵੀ ਇਸ ਸਾਂਝ ਨੂੰ ਵਧਾਉਣ ਦੀ ਸਾਰੀ ਜ਼ਿੰਮੇਵਾਰੀ ਘੱਟ-ਗਿਣਤੀਆਂ ’ਤੇ ਸੁੱਟੀ ਗਈ ਹੈ।

ਜੌਨੀ ਵਾਕਰ ਦੇ ਮੁੱਖ ਰੋਲ ਵਾਲੀ ਫ਼ਿਲਮ ‘ਵਲਾਇਤੀ ਬਾਬੂ’ (1961) ਨੇ ਪੰਜਾਬੀ ਸਿਨੇਮੇ ਵਿਚ ਨਵਾਂ ਰੁਜਹਾਨ ਪੈਦਾ ਕੀਤਾ। ਇਸ ਫ਼ਿਲਮ ਦੀ ਕਹਾਣੀ ਤੋਂ ਮੁਤਾਸਿਰ ਹੋ ਕੇ ਫ਼ਿਲਮ ‘ਕਿੱਕਲੀ’, ‘ਦੁਪੱਟਾ’, ‘ਗੁੱਡੀ’, ‘ਜੀਜਾ ਜੀ’ ਅਤੇ ‘ਛੜ੍ਹਿਆਂ ਦੀ ਡੋਲੀ’ ਲਿਖੀਆਂ ਗਈਆਂ। ਇਹਨਾਂ ਫ਼ਿਲਮਾਂ ਦਾ ਸਾਂਝਾ ਸੂਤਰ ਸ਼ਹਿਰੀ ਬਾਬੂ ਦਾ ਪਿੰਡ ਦੀ ਕੁੜੀ ਨਾਲ ਪਿਆਰ ਪੈ ਜਾਣਾ ਸੀ। ਨਾਟਕੀਅਤਾ ਨਾਲ ਭਰਪੂਰ ਤੇ ਹਿੰਦੀ ਫ਼ਿਲਮਾਂ ਦੀ ਭੱਦੀ ਨਕਲ ਇਹਨਾਂ ਫ਼ਿਲਮਾਂ ਦਾ ਦਿਲਚਸਪ ਤੱਥ ਇਹ ਸੀ ਕਿ ਇਹਨਾਂ ਵਿਚ ਉਹਨਾਂ ਨਾਇਕ-ਨਾਇਕਾਵਾਂ ਨੂੰ ਮੌਕਾ ਮਿਲ ਰਿਹਾ ਸੀ, ਜ੍ਹਿਨਾਂ ਦੀ ਹਿੰਦੀ ਸਿਨੇਮੇ ਵਿੱਚ ਬਹੁਤੀ ਵੁੱਕਤ ਨਹੀਂ ਸੀ ਜਾਂ ਉਹ ਪੰਜਾਬੀ ਪਿਛੋਕੜ ਦੇ ਅਜਿਹੇ ਫ਼ਿਲਮਸਾਜ਼ਾਂ ਨਾਲ ਕੰਮ ਕਰ ਰਹੇ ਸਨ, ਜਿਹੜੇ ਚਾਰ ਹਿੰਦੀ ਫ਼ਿਲਮਾਂ ਬਣਾਉਣ ਪਿੱਛੋਂ ਇਕ-ਅੱਧੀ ਪੰਜਾਬੀ ਫ਼ਿਲਮ ਵੀ ਬਣਾ ਧਰਦੇ ਸਨ।

ਧਾਰਮਿਕ ਫ਼ਿਲਮਾਂ

ਅਜਿਹੇ ਦੌਰ ਵਿਚ ਪ੍ਰਿਥਵੀ ਰਾਜ ਕਪੂਰ ਦੀ ਪੰਜਾਬੀ ਬੋਲੀ ਨਾਲ਼ ਜੁੜੀ ਸ਼ਾਹਰਗ ਹੀ ਸੀ ਕਿ ਉਹਨਾਂ ਨੇ ‘ਨਾਨਕ ਨਾਮ ਜਹਾਜ਼ ਹੈ’ (1960) ਵਰਗੀ ਫ਼ਿਲਮ ਲਈ ਗੁਰੁ ਨਾਨਕ ਦੇਵ ਜੀ ਦੇ ਨਾਮ ’ਤੇ ਬਹੁਤ ਹੀ ਨਿਗੂਣੇ ਮਿਹਨਤਾਨੇ ’ਤੇ ਕੰਮ ਕੀਤਾ। ਇਸ ਫ਼ਿਲਮ ਨੇ ਪਹਿਲੀ ਵਾਰ ਦਰਸ਼ਕਾਂ ਨੂੰ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦਾ ਮੌਕਾ ਦਿੱਤਾ। ਫ਼ਿਲਮ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਬਣੀ ਸੀ। ‘ਸਰਬ-ਸਾਂਝੀਵਾਲਤਾ’ ਦਾ ਸੱਦਾ ਦਿੰਦੀ ਇਸ ਫ਼ਿਲਮ ਦਾ ਸਭ ਤੋਂ ਖੂਬਸੂਰਤ ਪੱਖ ਇਸ ਦਾ ਸੰਗੀਤ ਸੀ, ਜਿਸ ਵਿਚ ਉਸ ਸਮੇਂ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਭਾਈ ਸੁਮੰਦ ਸਿੰਘ ਦਾ ਯੋਗਦਾਨ ਅਣਮੁੱਲਾ ਸੀ। ਫ਼ਿਲਮ ਵਿਚ ਨਵੇਂ ਪੁਲ਼ਾਂ, ਡੈਮਾਂ, ਸੜਕਾਂ, ਰੇਲਵੇ-ਲਾਈਨਾਂ ਅਤੇ ਖੇਤਾਂ ਦੀ ਪੇਸ਼ਕਾਰੀ ਨਾਲ ਪੰਜਾਬੀ ਫ਼ਿਲਮਾਂ ਸਟੂਡੀਓ ਤੋਂ ਬਾਹਰ ਨਿਕਲੀਆਂ। ਇਸ ਫ਼ਿਲਮ ਦੇ ਮਕਬੂਲ ਹੋਣ ਦੇ ਬਾਵਜੂਦ ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਹ ਫ਼ਿਲਮ ਸਿੱਖ-ਮਤ ਦੇ ਮੂਲ਼ ਸੋਚ ਵਿਚਾਰ ਨੂੰ ਖਾਰਿਜ ਕਰਦਿਆਂ ਅੰਨੇ-ਵਿਸ਼ਵਾਸ਼ ਅਤੇ ਸਤਹੀ ‘ਰਹਿਤ ਮਰਿਆਦਾ’ ਵੱਲ ਉਲਰਦੀ ਹੈ।

‘ਨਾਨਕ ਨਾਮ ਜਹਾਜ਼ ਹੈ’ ਵਿਚ ਗੁਰਮੁਖ ਸਿੰਘ ਦੇ ਕਿਰਦਾਰ ਵਿਚ ਪ੍ਰਿਥਵੀ ਰਾਜ ਕਪੂਰ

‘ਨਾਨਕ ਨਾਮ ਜਹਾਜ਼ ਹੈ’ ਵਿਚ ਗੁਰਮੁਖ ਸਿੰਘ ਦੇ ਕਿਰਦਾਰ ਵਿਚ ਪ੍ਰਿਥਵੀ ਰਾਜ ਕਪੂਰ

ਇਸ ਫ਼ਿਲਮ ਤੋਂ ਮੁਤਾਸਿਰ ਹੋ ਕੇ ਬਣੀਆਂ ਫ਼ਿਲਮਾਂ ਵਿੱਚੋਂ ‘ਨਾਨਕ ਦੁਖੀਆ ਸਭ ਸੰਸਾਰ’, ‘ਦੁੱਖ-ਭੰਜਨ ਤੇਰਾ ਨਾਮ’, ‘ਸਤਿ ਸ੍ਰੀ ਅਕਾਲ’, ‘ਮਨ ਜੀਤੇ ਜੱਗ ਜੀਤ’, ‘ਸੱਚਾ ਮੋਰਾ ਰੂਪ ਹੈ’ ਅਤੇ ‘ਮਿੱਤਰ ਪਿਆਰੇ ਨੂੰ’ ਸਿੱਖਾਂ ਵਿਚ ਆਪਣੀ ਛਾਪ ਛੱਡਣ ਵਿਚ ਕਾਮਯਾਬ ਰਹੀਆਂ। ਇਹਨਾਂ ਫ਼ਿਲਮਾਂ ਵਿਚ ਸਿੱਖ ਗੁਰੂਆਂ ਦੀਆਂ ਸਾਖੀਆਂ ਦੇ ਵੇਰਵਿਆਂ ਦੇ ਨਾਲ਼ਨਾਲ਼ ਪੰਜਾਬੀ ਸਮਾਜਿਕ ਕਦਰਾਂ-ਕੀਮਤਾਂ ਅਤੇ ਰਸਮਾਂ-ਰਿਵਾਜਾਂ ਨੂੰ ਪ੍ਰਵਚਨੀ ਸੁਰਾਂ ਵਿਚ ਫ਼ਿਲਮਾਇਆ ਜਾਂਦਾ ਸੀ। ਬੰਬੇ ਸਿਨਮਈ ਸੰਸਾਰ ਦੇ ਧਰਮਿੰਦਰ, ਦਾਰਾ ਸਿੰਘ, ਸੁਨੀਲ ਦੱਤ, ਰਾਜਿੰਦਰ ਕੁਮਾਰ, ਜੌਨੀ ਵਾਕਰ, ਰਾਖੀ, ਰੇਖਾ ਤੇ ਆਸ਼ਾ ਪਾਰਿਖ ਵਰਗੇ ਕਲਾਕਾਰ ਪੰਜਾਬੀ ਦਰਸ਼ਕਾਂ ਨੂੰ ਖਿੱਚਦੇ ਤੇ ਇਹਨਾਂ ਫ਼ਿਲਮਾਂ ਨੂੰ ਬਣਾਉਣ ਲਈ ਲੋੜੀਂਦਾ ਸਰਮਾਇਆ ਜੁਟਾਉਣ ਵਿਚ ਸਹਾਈ ਹੁੰਦੇ।

ਧਾਰਮਿਕ ਫ਼ਿਲਮਾਂ ਤੋਂ ਬਾਅਦ 1975 ਤਕ ਪੰਜਾਬੀ ਸਿਨੇਮਾ ਆਜ਼ਾਦੀ ਘੁਲਾਟੀਆਂ ’ਤੇ ਫੋਕਸ ਹੋ ਗਿਆ। ਇਸ ਦਾ ਫ਼ੌਰੀ ਕਾਰਣ ਵਕਤ ਦੀ ਸਿਆਸਤ ਸੀ। ਇਹਨਾਂ ਸਾਲਾਂ ਵਿਚ ਬਹੁਤੇ ਭਾਰਤੀਆਂ ਲਈ ਆਜ਼ਾਦੀ ਦਾ ਤਸੱਵਰ “ਦਿ ਟਰਿਸਟ ਵਿਦ ਡੈਸਟਿਨੀ” ਚਕਨਾਚੂਰ ਹੋ ਚੁੱਕਿਆ ਸੀ। ਮੰਹਿਗਾਈ ਤੇ ਬੇਰੁਜ਼ਗਾਰੀ ਤੋਂ ਇਲਾਵਾ ਕਾਲਾਬਜ਼ਾਰੀ ਤੇ ਕਰਪਸ਼ਨ ਨੇ ਲੋਕਾਈ ਦਾ ਨੱਕ ਵਿਚ ਦਮ ਕਰ ਛੱਡਿਆ ਸੀ। ਅਜਿਹੇ ਦੌਰ ਵਿਚ ਸੁਰਿੰਦਰ ਕੋਹਲੀ ਦੀ ਫ਼ਿਲਮ ‘ਸ਼ਹੀਦੇ-ਆਜ਼ਮ ਭਗਤ ਸਿੰਘ’ ਆਈ। 1977 ਵਿਚ ਹੀ ਰਿਲੀਜ਼ ਹੋਈਆਂ ‘ਕਰਤਾਰ ਸਿੰਘ ਸਰਾਭਾ’ ਤੇ ‘ਸ਼ਹੀਦ ਊਧਮ ਸਿੰਘ’ ਨੇ ‘ਦੂਜੀ ਆਜ਼ਾਦੀ ਦੀ ਜ਼ਰੂਰਤ ਦਾ ਹੋਕਾ’ ਦਿੱਤਾ।

ਫ਼ੌਰਮੂਲਾ ਫ਼ਿਲਮਾਂ

ਤੁਸੀਂ ਜਾਣਦੇ ਹੋ ਕੇ ਪੰਜਾਬ ਦੇ ਮੁੰਡੇ ਅਨਪੜ੍ਹ ਹੁੰਦੇ ਹਨ ਜਾਂ ਕੁੜੀਆਂ। ਕੋਈ ਇਕ ਧਿਰ ਕਾਲਜ ਤੋਂ ਪੜ੍ਹਾਈ ਖਤਮ ਕਰਕੇ ਤਾਂਗੇ ਜਾਂ ਰੇਲ ਵਿਚ ਪਿੰਡ ਆਉਂਦੀ ਹੈ। ਘਰ ਵੜਨ ਤੋਂ ਪਹਿਲਾਂ ਹੀ ਉਸਦਾ ਟਾਕਰਾ ਕੁਦਰਤੀ ਤੌਰ ਤੇ ਅਨਪੜ੍ਹ ਸੁੰਦਰੀ ਜਾਂ ਸੁੰਦਰੇ ਨਾਲ਼ ਹੋ ਜਾਂਦੀ ਹੈ। ਉਨ੍ਹਾਂ ਵਿੱਚ ਹਲਕੀ ਜਿਹੀ ਝੜਪ ਹੋਣਾ ਵੀ ਕੋਈ ਜੁਰਮ ਨਹੀਂ। ਅਗਲਾ ਸਾਮਾਨ ਘਰ ਰੱਖੇਗਾ ਅਤੇ ਖ਼ੇਤਾਂ ਵੱਲ ਹਵਾਖੋਰੀ ਲਈ ਭਲਾ ਕਿਉਂ ਨਾ ਜਾਵੇ? ਜਿੱਥੇ ਕੇ ਫ਼ਸਲਾਂ, ਖੂਹਾਂ, ਮੱਝਾਂ ਜਾਂ ਦੇਸ਼ ਦੀ ਸੁੰਦਰਤਾ ਅਤੇ ਇਤਿਹਾਸਕ ਗੌਰਵ ਬਾਰੇ ਗੀਤ ਹਵਾ ਵਿੱਚ ਤਰ ਰਹੇ ਹੁੰਦੇ ਹਨ। ਉਸ ਤੋਂ ਮਗਰੋਂ ਕੁਝ ਵੀ ਹੋ ਸਕਦਾ ਹੈ। ਕਿਸੇ ਗੁੰਡੇ (ਉਹ ਕਦਾਚਿਤ ਜਾਗੀਰਦਾਰ ਜਾਂ ਭਰਿਸ਼ਟ ਅਧਿਕਾਰੀ ਨਹੀਂ ਹੋਵੇਗਾ) ਨਾਲ਼ ਵੈਰ ਦਾ ਮੁੱਢ ਪਹਿਲਾਂ ਵੀ ਬੱਝ ਸਕਦਾ ਹੈ ਜਾਂ ਝੜਪ ਵਾਲੇ ਜਣੇ ਜਣੀ ਨਾਲ਼ ਇਸ਼ਕ ਸ਼ੁਰੂ ਹੋਣ ਤੋਂ ਮਗਰੋਂ - ਕੋਈ ਫ਼ਰਕ ਨਹੀਂ ਪੈਂਦਾ ਹੁਣ ਨਾਚ ਗਾਣੇ ਅਤੇ ਲੜਾਈਆਂ, ਬਾਂਹ ਵਿਚ ਬਾਂਹ ਪਾਈ ਨਾਇਕ ਅਤੇ ਨਾਇਕਾ ਹੈ ਹੂਟੇ ਦਿੰਦੇ ਰਹਿਣਗੇ। ਅਖ਼ੀਰ ਵਿਚ ਪਿਆਰ ਅਤੇ ਸਚਾਈ ਦਾ ਮੂੰਹ ਕਾਲਾ ਹੋਣੋ ਤਾਂ ਰਿਹਾ, ਬੁਰਾਈ ਦਾ ਹੀ ਹੋਵੇਗਾ। ਜਾਂ ਇੰਝ ਵੀ ਹੋ ਸਕਦਾ ਹੈ ਕਿ ਕੋਈ ਸੱਚੇ ਪਾਤਸ਼ਾਹ ਦਾ ਭਗਤ ਆਪਣੀ ਲਗਨ ਵਿਚ ਨੇਕੀ ਦੇ ਰੱਹ ਤੇ ਤੁਰਿਆ ਜਾਂਦਾ ਦਿਸੇਗਾ। ਭਗਤਾਂ ਦਾ ਕੋਈ ਕਾਲ ਤਾਂ ਨਹੀਂ ਦੁਨੀਆ ਤੇ। ਬਿਪਤਾ ਭਾਵੇਂ ਕੁਦਰਤੀ ਹੋਵੇ ਜਾਂ ਗ਼ੈਰ ਕੁਦਰਤੀ - ਅਚਣਚੇਤ ਕਰਾਮਾਤ ਨਾਲ਼ ਔਹ ਦੀ ਔਹ ਜਾਵੇਗੀ। ਇਸ ਸਾਰੇ ਚੱਕਰ ਦੇ ਵਿਚ ਕਿਸੇ ਨੌਜਵਾਨ ਅਤੇ ਖ਼ੂਬਸੂਰਤ ਜੋੜੀ ਦਾ ਪਿਆਰ ਸੰਕਟਾਂ ਨੂੰ ਕੁਚਲਦਾ ਹੋਇਆ ਸਿਰੇ ਚੜ੍ਹ ਜਾਵੇਗਾ। ਇਹੋ ਕੁਝ ਹੈ ਬੱਸ, ਜੋ ਪੰਜਾਬ ਵਿਚ ਘਟਦਾ ਜਾਂ ਘਟ ਸਕਦਾ ਹੈ। ਪੰਜਾਬੀ ਦੀ ਕਿਸੇ ਵੀ ਫ਼ਿਲਮੀ ਹਸਤੀ ਨੂੰ ਸ਼ਿਕਾਇਤ ਕਰਨ ਦਾ ਹੱਕ ਨਹੀਂ ਕਿ ਚੰਗੀ ਫ਼ਿਲਮ ਫਲਾਪ ਹੋ ਜਾਂਦੀ ਹੈ। ਕਿਉਂਕਿ ਕਦੇ ਕਿਸੇ ਨੇ ਬਣਾਈ ਹੀ ਨਹੀਂ।

– ਪਾਸ਼, ਪੰਜਾਬੀ ਫ਼ਿਲਮਾਂ ਦਾ ਗੈਰ ਰਸਮੀ ਜਾਇਜ਼ਾ, 1977-78

1980 ਤੋਂ ਪਹਿਲਾਂ ਬਣੀਆਂ ਚੜ੍ਹਦੇ ਪੰਜਾਬ ਦੀਆਂ ਫ਼ਿਲਮਾਂ ਦੀ ਹੋਣੀ ਬਾਰੇ ਪਾਸ਼ ਨੇ ਏਹ ਤੱਤ ਸਾਰ ਕੱਢ ਦਿੱਤਾ ਸੀ। ਤੇ ਇਸ ਤੋਂ ਬਾਅਦ ਕੀ ਬਣਿਆ? ਫ਼ਿਲਮ ਜਾਂ ਕਿਸੇ ਵੀ ਸ਼ੈਅ ਦੇ ਚੰਗੇ ਮਾੜੇ ਹੋਣ ਦੇ ਪੈਮਾਨੇ ਕੀ ਹੋ ਸਕਦੇ ਨੇ? 1981 ਵਿਚ ਬਣੀ ਬੇਹੱਦ ਮਕਬੂਲ ਫ਼ਿਲਮ ‘ਚੰਨ ਪ੍ਰਦੇਸੀ’ ਫ਼ਿਲਮ ਮੁਜ਼ਾਰਾ ਲਹਿਰ ਦੇ ਇਰਦ-ਗਿਰਦ ਉਸ ਦੌਰ ਵਿੱਚ ਲੋਕਾਈ ਦੇ ਵਿਰੋਧ ਕਾਰਣ ਟੁੱਟ ਰਹੀਆਂ ਜਗੀਰੂ ਕਦਰਾਂ-ਕੀਮਤਾਂ ਦੇ ਖੋਖਲੇਪਣ ’ਤੇ ਵਾਰ ਕਰਦੀ ਹੈ। ਜਗੀਰਦਾਰ ਦੇ ਜੇਲ ਜਾਣ ਦਾ ਦ੍ਰਿਸ਼ ਕਿਤੇ ਨਾ ਕਿਤੇ ਅਸੰਭਵ ਦੇ ਸੰਭਵ ਹੋਣ ਵੱਲ ਇਸ਼ਾਰਾ ਕਰਦਾ ਹੈ। ਜਗੀਰਦਾਰ ਜੇਲ ਤਾਂ ਜਾਂਦਾ ਹੈ, ਪਰ ਇਸ ਕਰਕੇ ਕਿਉਂਕਿ ਉਸਨੇ ਆਪਣੇ ਨੌਕਰ ਨੂੰ ਮਾਰਿਆ ਹੈ। ਕਿਰਦਾਰ ਵਜੋਂ ਨੌਕਰ ਬੁਰਾ, ਲਾਲਚੀ ਤੇ ਚਾਲਾਕ ਵਿਖਾਇਆ ਗਿਆ ਹੈ; ਜਦਕਿ ਜਗੀਰਦਾਰ ਵੈਸੇ ਤਾਂ ਚੰਗਾ ਹੈ, ਪਰ ਨੌਕਰ ਦੀਆਂ ਗੱਲਾਂ ‘ਚ ਆ ਕੇ ਮਾੜਾ ਕੰਮ ਕਰ ਬੈਠਦਾ ਹੈ।

ਚੰਨ ਪਰਦੇਸੀ ਫ਼ਿਲਮ ਦਾ ਇਕ ਸੀਨ

ਚੰਨ ਪਰਦੇਸੀ ਫ਼ਿਲਮ ਦਾ ਇਕ ਸੀਨ

ਲੌਂਗ ਦਾ ਲਿਸ਼ਕਾਰਾ(1983) ਤੋਂ ਲੈ ਕੇ ਏਸ ਦਹਾਕੇ ਦੀਆਂ ਬਹੁਤੀਆਂ ਫ਼ਿਲਮਾਂ ਦਾ ਮੂਲ ਨੁਸਖ਼ਾ ਇਹੋ ਹੈ। ਪਰ ਇਹ ਨੁਸਖ਼ਾ ਕੋਈ ਨਵਾਂ ਨਹੀਂ ਹੈ, ਫ਼ਿਲਮੀ ਕਥਾਕਾਰਾਂ ਨੇ ਸਾਡੇ ਪ੍ਰੇਮ ਗਾਥਾਵਾਂ/ਕਿੱਸਿਆਂ ਤੋਂ ਹੀ ਇਹ ਨੁਸਖ਼ਾ ਲਿਆ ਹੈ। ਫ਼ਰਕ ਸਿਰਫ ਐਨਾ ਹੈ ਕਿ ਪ੍ਰੇਮ ਗਾਥਾਵਾਂ ਵਿਚ ਆਸ਼ਿਕ ਤੇ ਮਾਸ਼ੂਕ ਸਮਾਜ ਦੀਆਂ ਡਾਹੀਆਂ ਔਕੜਾਂ ਨੂੰ ਸਹਿੰਦੇ ਅੰਤ ਮੌਤ ਦੇ ਗਲ ਲੱਗ ਕੇ ਹੀ ਆਪਣਾ ਇਸ਼ਕ ਸਿਰੇ ਚੜਾਉਂਦੇ ਸੀ। ਅੱਜ ਦੀਆਂ ਫ਼ਿਲਮਾਂ ਵਿਚ ਅਜਿਹੇ ਤਲਖ਼ ਅੰਤ ਦਾ ਹੋਣਾ ਨਾਮੁਮਕਿਨ ਹੈ। ਕਿਉਂ ਜੋ ਫ਼ਿਲਮੀ ਕਥਾਕਾਰਾਂ ਭਾਣੇ ਦਰਸ਼ਕ ਮਿੱਠੀਆਂ ਗੋਲ਼ੀਆਂ ਦਾ ਆਦੀ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਪ੍ਰੇਮ ਗਾਥਾਵਾਂ ਵਿਚਲੀਆਂ ਰਮਜ਼ਾਂ ਵੀ ਫ਼ਿਲਮ ਨਹੀਂ ਝੱਲ ਸਕਦੀ।

ਕਾਲੇ ਦਿਨਾਂ ਦਾ ਦੌਰ

1984-85 ਤੋਂ ਲੈ ਕੇ 1994-95 ਤੱਕ ਚੱਲੇ ਖ਼ਾਲਿਸਤਾਨੀ ਤੇ ਸਰਕਾਰੀ ਦਹਿਸ਼ਤਗਰਦੀ ਦੇ ਦੌਰ ਨੇ ਪੰਜਾਬੀ ਫ਼ਿਲਮ ਸਨਅਤ ਨੂੰ ਪੈਰਾਂ ਭਾਰ ਨਹੀਂ ਹੋਣ ਦਿੱਤਾ। ਅੱਸੀਵਿਆਂ ਵਿਚ ਬਣੀਆਂ ਬਹੁਤੀਆਂ ਫ਼ਿਲਮਾਂ ਜੱਟ ਤੇ ਜ਼ਮੀਨ ਦੇ ਮਸਲ੍ਹੇ ਦੇ ਨਾਲ਼ ਚਲਦੇ ਇਸ਼ਕ ਦੀ ਕਹਾਣੀ ਕਹਿੰਦੀਆਂ ਸੀ। ਪਰ ਫ਼ਿਲਮੀ ਹੀਰੋ ਹੁਣ ਜਾਗੀਰਦਾਰ ਹੋਣ ਦੀ ਥਾਂ ਖ਼ੁਦਕਾਸ਼ਤੀਏ ਜੱਟ ਸਨ। ਲਹਿੰਦੇ ਪੰਜਾਬ ਦੀ ਮਕਬੂਲ ਫ਼ਿਲਮ ਮੌਲ਼ਾ ਜੱਟ (1979) ਇਹਨਾ ਫ਼ਿਲਮਾਂ ਲਈ ਰੋਲ ਮਾਡਲ ਹੋ ਨਿੱਬੜੀ। ਐਕਟਰ ਡਾਇਰੈਕਟਰ ਵਰਿੰਦਰ ਦੀਆਂ ਫ਼ਿਲਮਾਂ ਵੀ ਇਸੇ ਨੁਸਖ਼ੇ ਨਾਲ਼ ਬਣਦੀਆਂ ਸਨ। ਵਰਿੰਦਰ ਨੂੰ ਲੱਚਰ/ਫ਼ਾਹਿਸ਼ ਫ਼ਿਲਮਾਂ ਬਣਾਉਣ ਦੇ ਇਲਜਾਮ ਤਹਿਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਰਿੰਦਰ ਦੇ ਦਿਨ-ਦਿਹਾੜੇ ਕੀਤੇ ਕਤਲ ਨੂੰ ਜੇ ਸਿਆਸੀ ਤੇ ਕਲਚਰਲ ਕਤਲ ਵੱਜੋਂ ਪੜ੍ਹਿਆਂ ਜਾਵੇ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਉਸ ਸਮੇਂ ਦਾ ਪੰਜਾਬ ਇਕ ਧਾਰਮਿਕ ਧੁੰਦੂਕਾਰੇ ਵੱਲ ਨੂੰ ਵੱਧ ਰਿਹਾ ਸੀ ਜਿਸ ਵਿੱਚ ਪੰਜਾਬੀਆਂ ਦੀ ‘ਪਛਾਣ’ ਦਾ ਮਸਲਾ ਬਾਕੀ ਸਾਰੇ ਮਸਲਿਆਂ ’ਤੇ ਹਾਵੀ ਹੋ ਚੁੱਕਿਆਂ ਸੀ। ਗਰਮਖ਼ਿਆਲੀ ਸਿਆਸਤ ਨੇ ਇਸ ਮਸਲੇ ਦੀ ਵਿਚਾਰਧਾਰਕ ਸਪੇਸ ਨੂੰ ਹਥਿਆ ਲਿਆ ਸੀ ਅਤੇ ਇਹ ਪੰਜਾਬ ਦੇ ਸਿਰ ਚੜ੍ਹੀ ਕਾਲੀ ਹਨੇਰੀ ਦਾ ਗੁਬਾਰ ਸੀ।

ਇਹਨਾਂ ਫ਼ਿਲਮਾਂ ਵਿੱਚ ਦੋ-ਅਰਥੀ ਮੁਤਾਲਿਆਂ ਦੀ ਭਰਮਾਰ ਸੀ, ਫੋਕੀ ਮਰਦਾਨਾ ਧੌਂਸ ਸੀ, ਜ਼ਮੀਨ ਨਾਲ਼ ਜੁੜੀ ਹਊਮੈ ਸੀ ਅਤੇ ਹਾਸੋ-ਹੀਣੇ ਪਹਿਰਾਵੇ ਸਨ। ਜੇ ਕੁਝ ਨਹੀਂ ਸੀ ਤਾਂ ਉਹ ਸੀ ਪੰਜਾਬੀ ਬੰਦੇ ਨੂੰ ਲੋੜੀਂਦੀ ਸੁਹਰਿਦਤਾ ਤੇ ਹਮਦਰਦੀ। ਪੰਜਾਬ ਦੇ ਮਸਲੇ ਹਰ ਫ਼ਿਲਮ ਵਿੱਚੋਂ ਇਕੋ-ਜਿਹੇ ਢੀਠਪੁਣੇ ਨਾਲ ਗ਼ਾਇਬ ਸਨ। ਇਹ ਪੰਜਾਬ ਵਿੱਚ ‘ਵੀਡੀਉ’ ਅਤੇ ‘ਵੀ.ਸੀ.ਆਰ’ ਦਾ ਯੁੱਗ ਸੀ। ਫ਼ਿਲਮ ਵੀ ਹੌਲੀ-ਹੌਲੀ ਸਿਨਮਿਆਂ ਦੀ ਬਿਜਾਏ ਫ਼ਾਰਮ ਹਾਊਸਾਂ ਵਿਚ ਤੇ ਘਰਾਂ ਵਿਚ ਦੇਖੀ ਜਾਣ ਵਾਲ਼ੀ ਸ਼ੈਅ ਬਣ ਰਹੀ ਸੀ। ਲੋਕਾਂ ਦੇ ਚੇਤਿਆਂ ਵਿਚ ਹਾਲੇ ਵੀ ‘ਕਰਫ਼ਿਊ ਆਰਡਰ’ ਤੇ ‘ਪੁਲਿਸ ਮੁਕਾਬਲੇ’ ਦੇ ਜ਼ਖ਼ਮ ਤਾਜ਼ੇ ਸਨ । ਇਸ ਦੌਰ ਨੂੰ ਗੱਗੂ-ਗਿੱਲ ਤੇ ਯੋਗਰਾਜ ਸਿੰਘ(ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦਾ ਪਿਓ) ਦੀਆਂ ਫ਼ਿਲਮਾਂ ਦਾ ਦੌਰ ਵੀ ਕਿਹਾ ਜਾ ਸਕਦਾ ਹੈ। ਦੋਹਾਂ ਨੇ ਮੌਲਾ ਜੱਟ ਵਾਲੇ ਸੁਲਤਾਨ ਰਾਹੀ ਤੇ ਮੁਸਤਫਾ ਕੁਰੈਸ਼ੀ ਵਾਂਙੂ ਕਿੰਨੀਆਂ ਹੀ ਫ਼ਿਲਮਾਂ ਵਿਚ ਇਕੋ ਜਿਹੇ ਰੋਲ ਓਸੇ ਤਰ੍ਹਾਂ ਦੇ ਹੀ ਡਾਇਲੌਗ ਬੋਲਦਿਆਂ ਕੀਤੇ। ਦੂਜੇ ਪਾਸੇ ਪੰਜਾਬੀ ਫ਼ਿਲਮਾਂ ਵਿਚ ‘ਮਾਮਲਾ ਗੜਬੜ ਹੈ’ ਰਾਹੀਂ ਗੁਰਦਾਸ ਮਾਨ ਤੇ ‘ਮਹਿੰਦੀ ਸ਼ਗਨਾਂ ਦੀ’ ਰਾਹੀ ਪੰਜਾਬੀ ਦੇ ਗਾਇਕਾਂ ਦੇ ਫ਼ਿਲਮਾਂ ਦੇ ਨਾਇਕਾਂ ਵੱਜੋਂ ਉਭਰਣ ਦਾ ਦੌਰ ਸ਼ੂਰੂ ਹੁੰਦਾ ਹੈ, ਜਿਸ ਦਾ ਸਿਖਰ ਅਗਲੀ ਸਦੀ ਦੇ ਪਹਿਲੇ ਦਹਾਕੇ ਵਿਚ ਹੁੰਦਾ ਹੈ।

‘ਜੱਟ ਤੇ ਜਮੀਨ’ ਵਿਚ ਵਰਿੰਦਰ, ਯੋਗਰਾਜ ਅਤੇ ਗੱਗੂ ਗਿੱਲ

‘ਜੱਟ ਤੇ ਜਮੀਨ’ ਵਿਚ ਵਰਿੰਦਰ, ਯੋਗਰਾਜ ਅਤੇ ਗੱਗੂ ਗਿੱਲ

1989 ‘ਚ ਬਣੀ ਫ਼ਿਲਮ ‘ਮੜ੍ਹੀ ਦਾ ਦੀਵਾ’ ਇਸ ਵਹਿਣ ਤੋਂ ਭੋਰਾ ਹਟਕੇ ਸੀ। ਨਾਮੀ ਲਿਖਾਰੀ ਗੁਰਦਿਆਲ ਸਿੰਘ ਦੇ ਨਾਵਲ ਤੋਂ ਬਣੀ ਇਹ ਫ਼ਿਲਮ ਜੱਟ ਕਿਸਾਨੀ ਤੇ ਸੀਰੀ ਸਾਂਝੀਆਂ ਦੇ ਬਦਲਦੇ ਰਿਸ਼ਤੇ ’ਤੇ ਝਾਤ ਪਾਉਂਦੀ ਹੈ। ਮੂਲ ਕਹਾਣੀ ਭਾਵੇਂ ਉਹੋ ਈ ਐ, ਪਰ ਇਸ ਵਿਚ ਮਿੱਠੀਆਂ ਗੋਲੀਆਂ ਦੀ ਥਾਂ ਪੇਂਡੂ ਰਹਿਤਲ ਦੀਆਂ ਗੁੱਝੀਆਂ ਰਮਜ਼ਾਂ ਦੀ ਬੇਹਤਰੀਨ ਤਸਵੀਰਕਸ਼ੀ ਹੈ। ਇਹ ਫ਼ਿਲਮੀ ਕਹਾਣੀ ਬਾਕੀ ਫ਼ਿਲਮਾਂ ਦੇ ਪੇਤਲੇ ਕਥਾਨਕ ਦੀ ਬਜਾਏ ਸਾਡੀਆਂ ਪ੍ਰੇਮ ਗਾਥਾਵਾਂ ਨਾਲ਼ ਸਾਂਝ ਪਾਉਂਦੀ ਹੈ। ਅਪਣੇ ਸਮੇਂ ਦੇ ਬਦਲਵੇਂ ਸਿਨਮੇ (ਪੈਰੇਲਲ) ਦੇ ਉੱਘੇ ਕਲਾਕਾਰਾਂ ਦੀਪਤੀ ਨਵਲ, ਰਾਜ ਬੱਬਰ ਤੇ ਪੰਕਜ ਕਪੂਰ ਨੇ ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨ. ਐੱਫ. ਡੀ. ਸੀ.) ਦੇ ਪੈਸੇ ਨਾਲ਼ ਬਣੀ ਇਸ ਫ਼ਿਲਮ ਵਿਚ ਕਮਾਲ ਦਾ ਕੰਮ ਕੀਤਾ। ਪੰਜਾਬੀ ਸਿਨੇਮੇ ਵਿਚ ਪਹਿਲੀ ਵਾਰ ਕਿਸੇ ਬੇਜ਼ਮੀਨੇ ਟੱਬਰ ਨੂੰ ਕਹਾਣੀ ਦਾ ਮੁੱਖ ਧੁਰਾ ਬਣਾਇਆ ਗਿਆ। ਫ਼ਿਲਮ ਵਿਚ ਟਾਹਲੀ ਦਾ ਦਰਖ਼ਤ ਸੱਭਿਆਚਾਰਕ ਪ੍ਰਤੀਕ(ਕਲਚਰਲ ਅਈਕੌਨ) ਵਜੋਂ ਵਰਤਿਆ ਗਿਆ ਹੈ ਜਿਸ ਨੂੰ ‘ਹਰੇ ਇਨਕਲਾਬ’ ਦੇ ਜੋਸ਼ ਵਿਚ ਨਵੀਂ-ਸਰਮਾਏਦਾਰੀ ਦਾ ਹਿਮਾਇਤੀ ਜੱਟਾਂ ਦਾ ਮੁੰਡਾ ਭੰਤਾ ਵੱਢ ਦਿੰਦਾ ਹੈ। ਇਸ ਫ਼ਿਲਮ ਦਾ ਹਾਸਿਲ ਹੈ ਧਰਮ ਸਿੰਘ ਦਾ ਕਿਰਦਾਰ ਜੋ ਪੰਜਾਬੀਆਂ ਦੀ ਸਾਂਝੀ ਵਿਰਾਸਤ ਤੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੀ ਜ਼ਿੰਦਗੀ ਨਾਲ ਜੁੜਿਆ ਹੈ। ਉਸ ਦੀ ਘਰਵਾਲ਼ੀ ਤੇ ਪੁੱਤਰ ਭੰਤਾ ਜਦੋਂ ਜਗਸੀਰ ਦੇ ਮਰੇ ਹੋਏ ਪਿਉ ਦੀ ਮੜ੍ਹੀ ਅਪਣੇ ਖੇਤਾਂ ਵਿੱਚ ਬਣਾਉਣ ’ਤੇ ਇਤਰਾਜ਼ ਕਰਦੇ ਹਨ, ਤਾਂ ਉਹ ਆਖਦਾ ਹੈ,

‘ਮਿੱਟੀ ਦਾ ਕੋਈ ਮਾਲਿਕ ਹੁੰਦਾ ਭਲੀਏ ਲੋਕੇ,
ਮਿੱਟੀ ਜਿਉਂਦਿਆਂ ਪੈਰਾਂ ਥੱਲੇ, ਮਰਦਿਆਂ ਉੱਤੇ’

‘ਮੜ੍ਹੀ ਦਾ ਦੀਵਾ’ ਵਿਚ ਭਾਨੋ ਅਤੇ ਜਗਸੀਰ ਦੇ ਕਿਰਦਾਰ ਵਿਚ ਦੀਪਤੀ ਨਵਲ ਅਤੇ ਰਾਜ ਬੱਬਰ

‘ਮੜ੍ਹੀ ਦਾ ਦੀਵਾ’ ਵਿਚ ਭਾਨੋ ਅਤੇ ਜਗਸੀਰ ਦੇ ਕਿਰਦਾਰ ਵਿਚ ਦੀਪਤੀ ਨਵਲ ਅਤੇ ਰਾਜ ਬੱਬਰ

ਨੱਬੇ ਦਾ ਦਹਾਕਾ

90ਵਿਆਂ ਵਿਚ ਮਕਬੂਲ ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਬਣਾਈਆਂ ਫ਼ਿਲਮਾਂ ਕਚਿਹਰੀ (1994), ਸ਼ਹੀਦ ਏ ਮੁਹੱਬਤ ਬੂਟਾ ਸਿੰਘ (1999), ਸ਼ਹੀਦ ਊਧਮ ਸਿੰਘ (1999) ਤੋਂ ਇਲਾਵਾ ਕੋਈ ਖਾਸ ਜ਼ਿਕਰਯੋਗ ਫ਼ਿਲਮਾਂ ਨਹੀਂ ਬਣੀਆਂ। ਇਹ ਫ਼ਿਲਮਾਂ ਵੀ ਬੰਬਈ ਫ਼ਿਲਮ ਸਨਅਤ ਦਾ ਹੀ ਹੰਭਲਾ ਤੇ ਫੈਲਾਅ ਸੀ। ‘ਸ਼ਹੀਦੇ ਮੁਹੱਬਤ ਬੂਟਾ ਸਿੰਘ’ ਨੌਜਵਾਨ ਫ਼ਿਲਮਸਾਜ਼ ਮਨੋਜ ਪੁੰਜ ਦੀ ਬਣਾਈ, ਸੰਨ ਸੰਤਾਲੀ ਦੇ ਫਸਾਦਾਂ ਵਿਚ ਉਲਝੇ ਬੂਟਾ ਸਿੰਘ ਤੇ ਜ਼ੈਨਬ ਦੇ ਪਿਆਰ ਦੀ ਦਰਦਵਿੰਨ੍ਹੀ ਕਹਾਣੀ ਕਹਿੰਦੀ ਹੈ। ਫ਼ਿਲਮ ਦਸਦੀ ਹੈ ਕਿ ਸਰਹੱਦਾਂ, ਮਜ਼ਹਬੀ ਹੱਦਬੰਦੀਆਂ ਸਖਸ਼ੀ ਆਜ਼ਾਦੀ ਤੇ ਮੁਹੱਬਤ ਜਿਹੇ ਨਿਰੋਲ ਇਨਸਾਨੀ ਜਜ਼ਬਿਆਂ ਨੂੰ ਕਿਵੇਂ ਵਲਗਣ ਚ ਕੈਦ ਕਰ ਲੈਂਦੀਆਂ ਨੇ। ਇਸ ਫ਼ਿਲਮ ਨੇ ਖਿਆਲ ਦਵਾਇਆ ਕਿ ਇਤਿਹਾਸ ਨੂੰ ਕਲਚਰਲ ਯਾਦ ਦੇ ਤੌਰ ’ਤੇ ਵੀ ਸਹੇਜਿਆ ਜਾਣਾ ਚਾਹੀਦਾ ਹੈ। ਇਸੇ ਸਾਲ ਹੀ ਪੰਜਾਬੀ ਹਾਸਰਸ ਕਲਾਕਾਰ ਜਸਪਾਲ ਭੱਟੀ ਅਪਣੇ ਸਾਥੀ ਕਲਾਕਾਰਾਂ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਗੁਰਪ੍ਰੀਤ ਘੁੱਗੀ ਤੇ ਚਾਚਾ ਰੌਣਕੀ ਰਾਮ ਨਾਲ ਮਿਲਕੇ ‘ਮਾਹੌਲ ਠੀਕ ਹੈ’(1999) ਲੈ ਕੇ ਆਉਂਦੇ ਹਨ। ਪੁਲਸ ਦੀ ਹੈਂਕੜ, ਕੁਚੱਜੀ ਕਾਰਗੁਜਾਰੀ ‘ਤੇ ਚੁਟਕੀਆਂ ਲੈਂਦੀ ਇਹ ਫ਼ਿਲਮ ਹਾਸੇ ਠੱਠੇ ਰਾਹੀਂ, ਸਿਪਾਹੀਆਂ, ਸਿਆਸਤਦਾਨਾਂ ਹੱਥੋਂ ਰਗੜੇ ਜਾਂਦੇ ਆਮ ਬੰਦੇ ਦੀ ਕਹਾਣੀ ਦਸਦੀ ਹੈ। ਇਹ ਫ਼ਿਲਮ ਬੇਹੱਦ ਮਕਬੂਲ ਹੋਈ ਅਤੇ ਆਉਣ ਵਾਲੇ ਦੋ ਦਹਾਕਿਆਂ ਲਈ ਪੰਜਾਬੀ ਸਿਨਮੇ ਵਿਚ ਕੌਮੇਡੀ ਦੀ ਅਹਿਮੀਅਤ ਦਾ ਮੁੱਢ ਬੰਨ ਗਈ।

ਸ਼ਹੀਦ-ਏ-ਮੁਹੱਬਤ ਵਿਚ ਜ਼ੈਨਬ ਅਤੇ ਬੂਟਾ ਸਿੰਘ ਦੇ ਕਿਰਦਾਰ ਵਿਚ ਦਿਵਿਆ ਦੱਤਾ ਅਤੇ ਗੁਰਦਾਸ ਮਾਨ

ਸ਼ਹੀਦ-ਏ-ਮੁਹੱਬਤ ਵਿਚ ਜ਼ੈਨਬ ਅਤੇ ਬੂਟਾ ਸਿੰਘ ਦੇ ਕਿਰਦਾਰ ਵਿਚ ਦਿਵਿਆ ਦੱਤਾ ਅਤੇ ਗੁਰਦਾਸ ਮਾਨ

ਇੱਕੀਵੀਂ ਸਦੀ: ਗਾਇਕ ਹੀਰੋ ਤੇ ਕੌਮੇਡੀ

80ਵਿਆਂ ਦੌਰਾਨ ਸਰਦੇ-ਪੁਗਦੇ ਪੰਜਾਬੀ ਕਨੇਡਾ ਅਮਰੀਕਾ ਪਰਵਾਸ ਕਰ ਗਏ। ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਤੱਕ ਪਰਵਾਸੀ ਪੰਜਾਬੀਆਂ ਨੇ ਫ਼ਿਲਮਾਂ ਤੇ ਗੀਤ-ਸੰਗੀਤ ਸਨਅਤ ਵਿਚ ਲਾਉਣ ਜੋਗੇ ਪੈਸੇ ਬਣਾ ਲਏ ਸਨ। ਮਕਬੂਲ ਗਾਇਕ ਹਰਭਜਨ ਮਾਨ ਨੇ ਬੌਲੀਵੁੱਡ ਦੇ ਹਿੱਟ ਡਾਇਰੈਕਟਰ ਯਸ਼ ਚੋਪੜਾ ਦੀਆਂ ਫ਼ਿਲਮਾਂ ਵਿਚ ਸਿਨੈਮਾਟੋਗ੍ਰਾਫਰ ਰਹੇ ਮਨਮੋਹਣ ਸਿੰਘ ਨਾਲ ਰਲ ਕੇ 2002 ਵਿਚ ਫ਼ਿਲਮ ‘ਜੀ ਆਇਆਂ ਨੂੰ’ ਬਣਾਈ। ਚੋਖੇ ਪੈਸੇ ਲਾ ਕੇ ਬਣੀ ਚੰਗੀ ਦਿੱਖ ਵਾਲੀ ਇਹ ਫ਼ਿਲਮ ਬਹੁਤ ਮਕਬੂਲ ਹੋਈ ਅਤੇ ਇਸੇ ਤੋਂ ਹੀ ਖਿੰਡੀ-ਪੁੰਡੀ ਪੰਜਾਬੀ ਫ਼ਿਲਮ ਸਨਅਤ ਦਾ ਮੁੜ ਮੁੱਢ ਬੱਝਿਆ। ਹਾਲਾਂ ਕਿ ਫ਼ਿਲਮ ਦਾ ਨੁਸਖ਼ਾ ਉਹੋ ਪੁਰਾਣਾ ਸੀ, ਜੀਹਦੀ ਬਾਤ ਪਾਸ਼ ਨੇ ਦੱਸੀ ਹੈ। ਫ਼ਰਕ ਸਿਰਫ਼ ਐਨਾ ਸੀ ਕਿ ਹੁਣ ਮੁੰਡਾ ਜਾਂ ਕੁੜੀ ਕਾਲਜੋਂ ਪੜ੍ਹ ਕੇ ਨਹੀਂ ਕਨੇਡਾ ਤੋਂ ਜਹਾਜ਼ੇ ਚੜ੍ਹਕੇ ਆਉਂਦਾ ਸੀ। ਲੜਾਈ ਵੀ ਕੋਈ ਜ਼ਿਆਦਾ ਵੱਡੀ ਵੈਲੀਆਂ ਬਦਮਾਸ਼ਾਂ ਨਾਲ਼ ਹੋਣ ਦੀ ਥਾਂ ਸਰੀਕਾਂ ਨਾਲ਼ ਹੋਣ ਲਗ ਪਈ। ਅੰਤ ਸਚਾਈ ਤੇ ਪ੍ਰੀਤ ਦੀ ਜਿੱਤ ਹੋ ਜਾਂਦੀ ਅਤੇ ਦੋਵੇਂ ਜਣੇ ਕਨੇਡਾ ਵਿਚ ਖ਼ੁਸ਼ੀ ਖ਼ੁਸ਼ੀ ਵਸਣ ਲੱਗ ਜਾਂਦੇ। ਅੱਸੀਵਿਆਂ ਦੇ ਹਲਵਾਹ (ਟਰੈਕਟਰ ਨਾਲ਼) ਜੱਟ ਹੀਰੋ ਦੀ ਥਾਂ ਹੁਣ ਧਨਾਢ ਬਾਹਰੋਂ ਮੁੜੇ ਜ਼ਿਮੀਂਦਾਰ ਹੀਰੋ ਨੇ ਲੈ ਲਈ। ਦਲਿਤ ਮਸਕੀਨ ਕਿਰਦਾਰ ਨਾਂ ਪਹਿਲੀਆਂ ਫ਼ਿਲਮਾਂ ਵਿਚ ਹੁੰਦੇ ਸੀ ਨਾ ਇਹਨਾਂ ਵਿਚ। ਜੇ ਹੁੰਦੇ ਸਨ, ਤਾਂ ਨੌਕਰ ਦੇ ਰੋਲ ਵਿਚ ਹਾਸੇ-ਠੱਠੇ ਦਾ ਸਬੱਬ ਬਣਦੇ ਸਨ ਜਾਂ ਲੜਾਈ ਵਿਚ ਮਾਰੇ ਜਾਂਦੇ ਸਨ। ਇਸ ਸਮੇਂ ਦੀਆਂ ਫ਼ਿਲਮਾਂ ਵਿਚ ਇਕ ਹੋਰ ਵਾਧਾ ਬਿਹਾਰੀ ਪਰਵਾਸੀ ਕਿਰਦਾਰਾਂ ਦਾ ਹੋਇਆ। ਪਰ ਹਿੱਸੇ ਉਹਨਾਂ ਦੇ ਵੀ ਹਾਲੇ ਤੱਕ ਹਾਸਾ ਠੱਠਾ ਈ ਆਇਐ।

‘ਅੰਨ੍ਹੇ ਘੋੜੇ ਦਾ ਦਾਨ’ ਅਤੇ ਬਦਲਵਾਂ ਸਿਨਮਾ

2007 ਚ ਬਣੀ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਇਸ ਰੁਜਹਾਨ ਤੋਂ ਨਿਆਰੀ ਹੈ। ਮੜ੍ਹੀ ਦਾ ਦੀਵਾ ਵਾਂਙ ਹੀ ਨਾਮੀ ਲਿਖਾਰੀ ਗੁਰਦਿਆਲ ਸਿੰਘ ਦੇ ਨਾਵਲ ’ਤੇ ਅਤੇ ਐੱਨ. ਐੱਫ. ਡੀ. ਸੀ. ਦੀ ਮਾਲੀ ਮਦਦ ਨਾਲ਼ ਬਣੀ ਇਹ ਫ਼ਿਲਮ ਬੇਜ਼ਮੀਨੇ ਮਜ਼ਦੂਰ ਪਰਿਵਾਰਾਂ ਦੀ ਪਿੰਡ ਤੇ ਸ਼ਹਿਰ ਵਿਚ ਹੋਣੀ ਦੀ ਦਾਸਤਾਨ ਦਿਖਾਉਂਦੀ ਹੈ। ਸੁਸਤ ਚਾਲ ਚਲਦੀ ਇਹ ਫ਼ਿਲਮ ਦੇਖਣ ਵਾਲੇ ਨੂੰ ਸੋਚਣ ਲਈ ਮਜਬੂਰ ਕਰਦੀ ਹੈ, ਨੀਝ ਨਾਲ਼ ਰਮਜ਼ਾਂ ਪਛਾਨਣ ਲਾਉਂਦੀ ਹੈ। ਇਸ ਫ਼ਿਲਮ ਨੇ ਬੌਕਸ ਔਫ਼ਿਸ ਤੋਂਂ ਕਮਾਈ ਤਾਂ ਨਹੀਂ, ਪਰ ਵਾਹ-ਵਾਹੀ ਬਹੁਤ ਖੱਟੀ ਹੈ। ਵੈਨਿਸ ਫ਼ਿਲਮ ਮੇਲੇ ਵਿਚ ਸ਼ੁਮਾਰ ਹੋਈ, ਆਬੂ ਧਾਬੀ ਫ਼ਿਲਮ ਮੇਲੇ ਤੋਂ ਇਨਾਮ ਜਿੱਤੀ, ਨੈਸ਼ਨਲ ਫ਼ਿਲਮ ਅਵਾਰਡ ਜਿੱਤੀ ਇਸ ਫ਼ਿਲਮ ਨੇ ਪੰਜਾਬੀ ਸਿਨਮੇ ਨੂੰ ਕੌਮਾਂਤਰੀ ਨੁਮਾਇੰਦਗੀ ਤੇ ਮਕਬੂਲੀਅਤ ਦਿੱਤੀ ਹੈ। ਇਸਦੇ ਬਹੁਤੇ ਕਿਰਦਾਰ ਗ਼ੈਰਪੇਸ਼ੇਵਾਰ ਆਮ ਪੇਂਡੂ ਨੇ ਜਿੰਨ੍ਹਾ ਦੀ ਪਰਦੇ ’ਤੇ ਪੇਸ਼ਕਾਰੀ ਦੇਖਣ ਵਾਲੇ ਨੂੰ ਪੰਜਾਬੀ ਪਿੰਡ ਦੇ ਦਲਿਤ ਵਿਹੜਿਆਂ ਵਿਚ ਪੁਚਾ ਦਿੰਦੀ ਹੈ। ਧ੍ਵਨੀ ਤੇ ਤਸਵੀਰਸਾਜ਼ੀ ਦੇ ਸੁਮੇਲ ਨਾਲ਼ ਸਿਰਜੇ ਚਿਤ੍ਰ, ਚਲੰਤ ਫ਼ਿਲਮਸਾਜ਼ਾਂ ਨੂੰ ਸੋਚਣ ਲਈ ਮਜਬੂਰ ਕਰਦੇ ਹਨ। ਆਉਣ ਵਾਲ਼ੇ ਸਮਿਆਂ ਵਿਚ ਬਹੁਤ ਸਾਰੀਆਂ ਫ਼ਿਲਮਾਂ ਇਸ ਫ਼ਿਲਮ ਦੇ ਦਾਅਪੇਚਾਂ ਤੋਂ ਸੇਧ ਲੈਂਦੀਆਂ ਨੇ। ਪਰ ਵਿਸ਼ੇ ਵਸਤੂ ਵਾਲੇ ਪਾਸੇ ਮੋੜਾ ਪਾਉਣ ਹਲੇ ਲੰਮੀ ਖੇਡ ਹੈ।

‘ਅੰਨ੍ਹੇ ਘੋੜੇ ਦਾ ਦਾਨ’ ਫ਼ਿਲਮ ਦਾ ਇਕ ਸੀਨ

‘ਅੰਨ੍ਹੇ ਘੋੜੇ ਦਾ ਦਾਨ’ ਫ਼ਿਲਮ ਦਾ ਇਕ ਸੀਨ

2010 ਤਕ ਪੰਜਾਬੀ ਫ਼ਿਲਮ ਹੀਰੋ ਬਣਨ ਦੀ ਪਹਿਲੀ ਪੌੜੀ ਗਾਇਕ ਦੇ ਤੌਰ ’ਤੇ ਮਕਬੂਲ ਹੋਣ ਦੀ ਸੀ। ਗਾਇਕੀ ਤੇ ਫ਼ਿਲਮ ਸਨਅਤ ਵਿਚ ਸਾਂਝ ਤਾਂ ਪਹਿਲਾਂ ਤੋਂ ਹੀ ਰਹੀ ਹੈ, ਪਰ ਅੱਜ ਦੇ ਸਮੇਂ ਇਹ ਬਹੁਤ ਪੀਡੀ ਹੋ ਗਈ ਹੈ। ਗੁਰਦਾਸ ਮਾਨ, ਹਰਭਜਨ ਮਾਨ ਤੋਂ ਬਾਦ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਨਵੀਂ ਪੀੜ੍ਹੀ ਦੇ ਗਾਇਕ, ਫ਼ਿਲਮੀ ਹੀਰੋ, ਸੁਪਰਸਟਾਰ ਬਣਦੇ ਹਨ। 2012 ‘ਚ ਬਣੀ “ਜੱਟ ਐਂਡ ਜੂਲੀਐਟ” ਪੰਜਾਬੀ ਫ਼ਿਲਮ ਸਨਅਤ ਦੀ ਅਗਲੀ ਪੁਲਾਂਘ ਬਣਦੀ ਹੈ। ਇਸ ਫ਼ਿਲਮ ਵਿਚ ਜੱਟ ਹੀਰੋ (ਦਿਲਜੀਤ ਦੋਸਾਂਝ) ਕਨੇਡਿਓਂਂ ਆਉਂਦਾ ਨਹੀਂ, ਕਨੇਡੇ ਨੂੰ ਜਾਂਦਾ ਹੈ, ਉਹ ਸੰੁਦਰੀ ਜੂਲੀਅਟ ਨਾਲ਼ ਕਨੇਡਾ ਜਾ ਕੇ ਇਸ਼ਕ ਦੇ ਪੇਚੇ ਪਾਉਂਦਾ ਹੈ। ਏਸ ਦਹਾਕੇ ਦੀ ਬਹੁਤੀਆਂ ਫ਼ਿਲਮਾਂ ਦਾ ਇਹੋ ਨੁਸਖ਼ਾ ਹੈ ਸੁੰਦਰੀ ਸੁੰਦਰੇ ਦੇ ਇਸ਼ਕ ਵਿੱਚ ਔਕੜਾਂ ਕੋਈ ਬਦਮਾਸ਼ ਨਹੀਂ ਡਾਹੁੰਦਾ, ਬੱਸ ਦੋਨਾਂ ਪਰਿਵਾਰਾਂ ਦੇ ਨਿੱਕੇ-ਮੋਟੇ ਮੁਫ਼ਾਦ ਅੰਤ ਤੱਕ ਸੂਤ ਆ ਜਾਂਦੇ ਨੇ। ਲੜਾਈ ਨੋਕ-ਝੋਕ ਤਕ ਰਹਿੰਦੀ ਹੈ, ਕੌਮੇਡੀ ਦੀ ਮਿਕਦਾਰ ਵੱਧ ਹੁੰਦੀ ਹੈ। ਕੌਮੇਡੀ ਵੀ ਇਹੋ ਜਿਹੀ ਜਿਸ ਵਿਚ ਨਵੇਂ ਟਾਰਗੈਟ ਲੱਭੇ ਗਏ, ਅਰੋੜਾ ਖੱਤਰੀ ਸਿੱਖ ਬਿਰਾਦਰੀ ਨੂੰ ਖ਼ਾਸ ਤੌਰ ਤੇ ਨਿਸ਼ਾਨਾ ਬਣਾਇਆ ਗਿਆ। ਪੈਸੇ ਵਾਲੇ ਪਾਸਿਓਂ ਵੀ ਐਨ ਆਰ ਆਈਜ਼ ਤੋਂ ਇਲਾਵਾ ਪ੍ਰੌਪਟੀ ਡੀਲਰ ਵੀ ਮੈਦਾਨ ਵਿਚ ਆ ਨਿੱਤਰੇ।

2013 ਵਿਚ ਬਣੀ ‘ਕਿੱਸਾ’ ਤੇ 2015 ਵਿਚ ਬਣੀ ‘ਚੌਥੀ ਕੂਟ’; ‘ਮੜ੍ਹੀ ਦਾ ਦੀਵਾ’ ਅਤੇ ‘ਅੰਨ੍ਹੇ ਘੋੜੇ ਦਾ ਦਾਨ’ ਫ਼ਿਲਮਾਂ ਦੀ ਲੈਅ ਵਿਚ ਹੀ ਬਦਲਵੇਂ ਸਿਨਮੇ ਦੀ ਅਗਲੀ ਕੜੀ ਹੈ। ਅਨੂਪ ਸਿੰਘ ਦੀ ਕਿੱਸਾ ਸੰਨ ਸੰਤਾਲੀ ਦੇ ਉਜਾੜੇ ਮਗਰੋਂ ਮੁੜ ਵਸ ਰਹੇ ਪਰਿਵਾਰ ਦੀ ਕਹਾਣੀ ਦਰਸਾਉਂਦੀ ਹੈ, ਮੁੱਖ ਪਾਤਰ ਦੇ ਘਰ ਕੁੜੀਆਂ ਚਾਰ ਧੀਆਂ ਜੰਮਦੀਆਂ ਹਨ। ਪੁੱਤ ਦੀ ਲਾਲਸਾ ਵਿਚ ਉਹ ਚੌਥੀ ਕੁੜੀ ਨੂੰ ਹੀ ਪੁੱਤ ਵਾਂਗੂ ਪਾਲਦਾ ਹੈ। ਇਹ ਕੁੜੀ ਪੁੱਤ ਮਰਦਾਵੇਂ ਲਿਬਾਸ ਤੇ ਤੌਰ ਤਰੀਕੇ ਦੇ ਚਲਦਿਆਂ ਇਕ ਕੁੜੀ ਵਿਆਹ ਲਿਆਉਂਦਾ ਹੈ ਪਰ ਜਦੋਂ ਸੇਜ ਖੇਡ ਦਾ ਸਮਾਂ ਆਉਂਦਾ ਹੈ, ਉਦੋਂ ਤੇ ਉਸਤੋਂ ਬਾਅਦ ਕੀ ਮੁਸ਼ਕਿਲਾਂ ਆਉਂਦੀਆਂ ਨੇ? ਇਸ ਸਾਰੀ ਕਹਾਣੀ ਵਿਚ ਪਿਤਰਸੱਤਾ ਦੀ ਉਲਝਣ ਨੂੰ ਉਘਾੜਿਆ ਜਾਂਦਾ ਹੈ।

ਵਰਿਆਮ ਸੰਧੂ ਦੀ ਕਹਾਣੀਆਂ ਤੋਂ ਗੁਰਵਿੰਦਰ ਸਿੰਘ ਦੀ ਬਣਾਈ ‘ਚੌਥੀ ਕੂਟ’ ਫ਼ਿਲਮ ਅੱਸੀਵਿਆਂ ਵਿਚ ਚੱਲੀ ਖ਼ੂਨੀ ਨ੍ਹੇਰੀ ਦੀ ਤਸਵੀਰ ਦਿਖਾਉਂਦੀ ਹੈ। ਰਾਤ ਨੂੰ ਰੇਲਗੱਡੀ ਦਾ ਸਫ਼ਰ ਕਰ ਰਹੇ ਹਿੰਦੂ ਅਤੇ ਸਿੱਖ ਕਿਰਦਾਰ ਇਕ ਦੂਜੇ ਤੋਂ ਡਰ ਰਹੇ ਨੇ। ਇਕ ਖੇਤਾਂ ਵਿਚ ਰਹਿੰਦੇ ਪਰਿਵਾਰ ਵਾਸਤੇ ਉਹਨਾਂ ਦਾ ਰਾਖਾ ਕੁੱਤਾ ਟੌਮੀ ਹੀ ਮੌਤ ਦਾ ਫੰਦਾ ਬਣਿਆ ਹੋਇਆ ਹੈ, ਇਕ ਰਾਤ ਖਾਲਿਸਤਾਨੀ ਦਹਿਸ਼ਤਗਰਦ ਜੋਗਿੰਦਰ ਨੂੰ ਜਾਨੋ ਮਾਰਨ ਦੀ ਧਮਕੀ ਦੇ ਜਾਂਦੇ ਨੇ, ਅਗਲੇ ਦਿਨ ਫੌਜੀ ਜੋਗਿੰਦਰ ਨੂੰ ਘਰੇ ਆ ਕੇ ਕੁੱਟ ਜਾਂਦੇ ਨੇ ਤੇ ਕੁੱਤੇ ਦੇ ਗੋਲੀ ਮਾਰ ਜਾਂਦੇ ਨੇ। ਹਥਿਆਰਾਂ ਨਾਲ ਲੈੱਸ ਦੋ ਧਿਰਾਂ ਤੋਂ ਇਕ ਕੁੱਤੇ ਦਾ ਭੌਂਕਣਾ ਹੀ ਬਰਦਾਸ਼ਤ ਨਹੀਂ ਹੋ ਰਿਹਾ। ਕਾਨ ਫ਼ਿਲਮ ਮੇਲੇ ਵਿਚ ਪੇਸ਼ ਹੋਈ ਇਸ ਫ਼ਿਲਮ ਨੇ ਕੌਮਾਂਤਰੀ ਮਕਬੂਲੀਅਤ ਵਿਚ ਹੋਰ ਨਾਮਣਾ ਖੱਟਿਆ।

ਇਸ ਬਦਲਵੇਂ ਸਿਨਮੇ ਤੋਂ ਇਲਾਵਾ ਪੰਜਾਬੀ ਫ਼ਿਲਮ ਸਨਅਤ ਵਿਚ ਕੁਝ ਕੁ ਕੋਸ਼ਿਸ਼ਾਂ ਅਜਿਹੀਆਂ ਵੀ ਹੋਈਆਂ ਜਿੰਨਾ ਦੀ ਬਣਤਰ ਭਾਵੇਂ ਪ੍ਰਚਲਤ ਫ਼ਿਲਮਾਂ ਵਾਲੀ ਸੀ ਪਰ ਵਿਸ਼ੇ ਪੱਖੋਂ ਕਿਸਾਨੀ ਸੰਕਟ, ਵਿਦਿਆਰਥੀ ਸੰਕਟ, ਨਸ਼ੇਬਾਜ਼ੀ, ਪਰਵਾਸ ਦੇ ਮਸਲੇ੍ਹ ਨੂੰ ਦਿਖਾਉਣ ਦੀ ਕੋਸ਼ਿਸ਼ ਹੋਈ। 2005 ਵਿਚ ਬਣੀ ਮਨੋਜ ਪੁੰਜ ਦੀ ਫ਼ਿਲਮ ‘ਦੇਸ ਹੋਇਆ ਪਰਦੇਸ’ ਸੰਨ ਚੁਰਾਸੀ ਤੋਂ ਬਾਅਦ ਦੇ ਪੰਜਾਬ ਵਿਚ ਨੌਜਵਾਨਾਂ ਦੇ ਖਾੜਕੂਵਾਦ ਤੇ ਅਪਣੀ ਹੋਂਦ ਪ੍ਰਤੀ ਸੰਸਿਆਂ, ਖ਼ਦਸ਼ਿਆਂ ਤੇ ਅਣਹੋਣੀਆਂ ਵਾਪਰਣ ਦੀ ਨਿਸ਼ਾਨਦੇਹੀ ਕਰਦੀ ਫ਼ਿਲਮ ਹੈ। ਇਸ ਫ਼ਿਲਮ ਦੀਆਂ ਅਗਲੀਆਂ ਤੰਦਾਂ ਹਜ਼ਾਰਾਂ ਦੀ ਗਿਣਤੀ ਵਿੱਚ ਵਿਦੇਸ਼ੀ ਧਰਤੀਆਂ ਵੱਲ ਪਰਵਾਸ ਕਰ ਰਹੇ ਨੌਜਵਾਨਾਂ ਨਾਲ ਜਾ ਜੁੜਦੀਆਂ ਹਨ। ਮਨੋਜ ਪੁੰਜ ਦੀ ਹੀ ਫ਼ਿਲਮ ‘ਵਾਰਿਸ਼ ਸ਼ਾਹ: ਇਸ਼ਕ ਦਾ ਵਾਰਿਸ’(2006) ਨਾਲ ਪੰਜਾਬੀਆਂ ਦੇ ਹੱਢਾਂ ਵਿੱਚ ਰਚੀ ਹੀਰ ਦਾ ਕਿੱਸਾ ਬਿਆਨ ਕਰਦਾ ਹੈ। ਰਾਜੀਵ ਸ਼ਰਮੇ ਦੀ ਫ਼ਿਲਮ ‘ਨਾਬਰ’(2013) ਜਾਅਲੀ ਏਜੰਟਾਂ ਦੇ ਹੱਥੇ ਚੜੇ੍ਹ ਪੰਜਾਬੀਆਂ ਦੀ ਤਰਾਸਦੀ ਬਿਆਨਦੀ ਹੈ। ਅਨੁਰਾਗ ਫ਼ਿਲਮ ‘ਪੰਜਾਬ-1984’(2015) ਰਾਹੀਂ ਅੱਤਵਾਦ ਦੇ ਕਾਲੇ ਦੌਰ ਦੀ ਇਕ ਹੋਰ ਕਹਾਣੀ ਸੁਣਾਉਂਦਾ ਹੈ। ਜਤਿੰਦਰ ਮੌਹਰ ਦੀਆਂ ਫ਼ਿਲਮਾਂ ‘ਮਿੱਟੀ’ (2010), ‘ਸਰਸਾ’/‘ਸਿਕੰਦਰ’ (2013) ਅਤੇ ‘ਕਿੱਸਾ ਪੰਜਾਬ’(2016) ਪੰਜਾਬ ਦੇ ਨੌਜਵਾਨਾਂ ਨੂੰ ਦਰਪੇਸ਼ ਨਸ਼ੇ, ਸਿਆਸੀ ਅਲਗਰਜ਼ੀ ਤੇ ਬੇਭਰੋਸਗੀ ਦੀਆਂ ‘ਨਵੀਂਆਂ ਮੁਹਿੰਮਾਂ’ ਦੀ ਗੱਲ ਕਰਦੀਆਂ ਹਨ। ਨੌਜਵਾਨਾਂ ਬਾਰੇ ਬਣਾਈਆਂ ਇਹਨਾਂ ਫ਼ਿਲਮਾਂ ਵਿਚ ਪ੍ਰਤੱਖ ਹਿੰਸਾ ਦੀ ਪੇਸ਼ਕਾਰੀ ਅਤੇ ਹਲਕੀ ਕੌਮੇਡੀ ਦੀ ਥਾਂ ਉਹਨਾਂ ਦੇ ਮਸਲਿਆਂ ਦੇ ਪਿਛੇ ਸਿਆਸੀ ਸਮਾਜੀ ਕਾਰਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ।

2015 ਤੋਂ ਪੰਜਾਬੀ ਸਿਨੇਮੇ ਵਿਚ ਚਾਰ ਕਿਸਮਾਂ ਦੀਆਂ ਫ਼ਿਲਮਾਂ ਬਣ ਰਹੀਆਂ ਹਨ। ਇਕ ਕਿਸਮ ਹੈ ਸੁੰਦਰੇ ਤੇ ਸੁੰਦਰੀ ਦੇ ਵਿਆਹ ਤੋਂ ਪਹਿਲਾਂ ਦੀ ਕਹਾਣੀ, ਸੁੰਦਰੇ ਦਾ ਕਿਰਦਾਰ ਕਰਨ ਵਾਲਾ ਸਫਲ ਗਾਇਕ ਹੋਵੇਗਾ, ਗੀਤ ਵੀ ਚੱਲਣਗੇ, ਕਮੇਡੀ ਕਲਾਂਕਾਰਾਂ ਦੇ ਸਹਾਰੇ ਫ਼ਿਲਮ ਵੀ ਚੱਲੀ ਗੀ। ਸਭ ਦੀਆਂ ਪੌਂ ਬਾਰਾਂ। ਮੰਜੇ ਬਿਸਤਰੇ(2016), ਮੰਜੇ ਬਿਸਤਰੇ-2(2019) ਨਿੱਕਾ ਜੈਲਦਾਰ(2016), ਨਿੱਕਾ ਜੈਲਦਾਰ-2(2019) ਇਸ ਕਿਸਮ ਦੀ ਤਰਜਮਾਨੀ ਕਰਦੀਆਂ ਨੇ। ਇਹਨਾਂ ਦੇ ਦੂਜੇ ਪਾਰਟ ਬਣਨੇ ਇਹਨਾਂ ਦੀ ਸਫਲਤਾ ਜਾਹਿਰ ਕਰਦਾ ਹੈ। ਦੂਸਰੀ ਕਿਸਮ ਹੈ ਸਾਮਾਜਿਕ ਸੁਧਾਰ ਦੇ ਨਾਮ ’ਤੇ ਧਾਰਮਿਕ ਕਦਰਾਂ-ਕੀਮਤਾਂ ਦੇ ਪ੍ਰਚਾਰ ਰਾਹੀਂ ਪੰਜਾਬੀ ਦਰਸ਼ਕਾਂ ਨੂੰ ਲੀਹ ’ਤੇ ਲਿਆਉਣ ਦੀ ਗੱਲ ਕੀਤੀ ਜਾਂਦੀ ਹੈ। ‘ਕੁਦੇਸਣ’(2012), ‘ਇਹ ਜਨਮ ਤੁਮਹਾਰੇ ਲੇਖੇ’(2015), ‘ਮਿੱਟੀ ਨਾ ਫਰੋਲ ਜੋਗੀਆਂ’(2015), ‘ਅਰਦਾਸ’(2016) ਵਰਗੀਆਂ ਫ਼ਿਲਮਾਂ ਇਸ ਕਿਸਮ ਚੋਂ ਹਨ। ਤੀਜੀ ਕਿਸਮ ਅਜਿਹੀਆਂ ਫ਼ਿਲਮਾਂ ਦੀ ਹੈ, ਜਿਨ੍ਹਾਂ ਵਿਚ ਕਿਸੇ ਖਿਡਾਰੀ, ਗੈਂਗਸਟਰ ਜਾਂ ਫ਼ੌਜੀ ਦੀ ਜੀਵਣ ਦ੍ਰਿਸ਼ਟੀ ਨੂੰ ਜਿਉਂ ਦਾ ਤਿਉਂ ਫ਼ਿਲਮਾਉਣ ਦੀ ਕੋਸ਼ਿਸ ਹੁੰਦੀ ਹੈ; ਜਿਵੇਂ ‘ਸਰਦਾਰ ਸਹਿਬ’(2017), ‘ਰੌਕੀ ਮੈਂਟਲ’(2017), ‘ਮਿੰਟੂ ਗੁਰੂਸਰੀਆ: ਡਾਕੂਆਂ ਦਾ ਮੁੰਡਾਂ’(2018), ਹਰਜੀਤਾ(2018)। ਚੌਥੀ ਕਿਸਮ ਅਜਿਹੀ ਹੈ, ਜਿਸ ਵਿਚ ਬੀਤੇ ਦਿਨਾਂ ਨੂੰ ਪਰਦੇ ’ਤੇ ਲਿਆਇਆ ਜਾ ਰਿਹਾ ਹੈ, ਜਿਸ ਵਿਚ ਅੱਜ ਤੋਂ ਪੰਜਾਹ-ਸੱਠ ਸਾਲ ਪੁਰਾਣੇ ਪੰਜਾਬੀ ਜੀਵਣ-ਪ੍ਰਬੰਧ, ਕਾਰ-ਵਿਹਾਰ ਦੇ ਦ੍ਰਿਸ਼ ਸਿਰਜਕੇ ਅਤੇ ਉਸ ਸਮੇਂ ਦੀਆਂ ਵਸਤਾਂ ਦੀ ਨੁਮਾਇਸ਼ ਲਾ ਸਫਲਤਾ ਬਟੋਰ ਰਹੀਆਂ ਹਨ। ਦਿਨੋਂਦਿਨ ਵੱਡੀ ਹੋ ਰਹੀ ਪ੍ਰਵਾਸੀ ਪੰਜਾਬੀ ਬਰਾਦਰੀ ਅਤੇ ਖਪਤਕਾਰੀ ਜੰਜਾਲਾਂ ਵਿਚ ਫਸੇ ਬੇਗਾਨਗੀ ਹੰਢਾ ਰਹੇ ਮਨਾਂ ਲਈ ਇਹ ‘ਦ੍ਰਿਸ਼ਮਈ ਹੇਰਵਾ’ ਮਲ੍ਹਮ ਦਾ ਕੰਮ ਕਰ ਰਿਹਾ ਹੈ। ਅੰਗਰੇਜ (2015), ਬੰਬੂਕਾਟ(2016) ਵਰਗੀਆਂ ਫ਼ਿਲਮਾਂ ਏਸੇ ਹੇਰਵੇ ਦੀ ਬਾਤ ਪਾਉਂਦੀਆਂ ਨੇ।

ਅਜੋਕੀਆਂ ਫ਼ਿਲਮਾਂ ਬਾਰੀਕ ਗੱਲਾਂ ਕਰਨ ਤੋਂ ਸੰਙਦੀਆਂ ਨੇ, ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਡੰਗ ਵਾਹ-ਵਾਹ ਖੱਟਦੀਆਂ ਨੇ। ਵੀਹ ਪੱਚੀ ਸਾਲ ਦੀ ਮਿਹਨਤ ਮੁਸ਼ੱਕਤ ਬਾਅਦ ਏਨਾ ਜ਼ਰੂਰ ਹੋਇਆ ਹੈ ਕਿ ਫ਼ਿਲਮਾਂ ਦੀ ਬਣਾਈ ਤੇ ਕਮਾਈ ਚੰਗੀ ਹੋ ਗਈ ਹੈ। ਰਹੀ ਗੱਲ ਗੁੰਝਲਦਾਰ ਮਸਲ੍ਹਿਆਂ ਤੇ ਰਮਜਾਂ ਨਾਲ਼ ਵਾਬਸਤਾ ਫ਼ਿਲਮਾਂ ਬਣਾਉਣ ਦੀ, ਉਹ ਵੀ ਸਮੇਂ ਦੀ, ਲੋਕਾਂ ਦੀ, ਸਨਅਤ ਦੀ ਲੋੜ ਤੇ ਫ਼ਿਲਮਸਾਜ਼ਾਂ ਦੀ ਹਿੰਮਤ ਕਾਬਲੀਅਤ ਸਦਕਾ ਬਣਨ ਲੱਗ ਪੈਣਗੀਆਂ।


ਲਿਖਾਰੀਆਂ ਬਾਰੇ: ਕੁਲਦੀਪ ਕੌਰ ਪੰਜਾਬੀ ਯੂਨੀਵਰਿਸਟੀ ਤੋਂ ਪੰਜਾਬੀ ਫ਼ਿਲਮਾਂ ਬਾਰੇ ਡਾਕਟਰੀ ਕਰਕੇ ਪਟਿਆਲੇ ਪੰਜਾਬੀ ਸਹਾਫ਼ਤ ਪੜ੍ਹਾ ਰਹੀ ਹੈ। ਚੰਡੀਗੜ੍ਹ ਰਹਿੰਦਾ ਜਸਦੀਪ ਸਿੰਘ ਪੰਜਾਬੀ ਫ਼ਿਲਮਾਂ ਦੇ ਮੁਕਾਲਮੇ ਲਿਖਦਾ ਹੈ ਤੇ ਉਲਥਾਕਾਰ ਹੈ। ਇਹਨਾਂ ਦੇ ਈ ਮੇਲ ਪਤੇ: kuldipjnu@gmail.com, jasdeep.jogewala@gmail.com

ਮੂਲ ਲੇਖ ਲਹੌਰੌਂ ਛਪਦੇ ਸਲਾਨਾ ਰਸਾਲੇ ਬਾਰਾਂਮਾਹ ਦੇ ਪਹਿਲੇ ਅੰਕ (ਵਰ੍ਹਾ 2019) ਵਿਚ ਛਪਿਆ ਸੀ। ਇਸ ਰਸਾਲੇ ਦੇ ਸੰਪਾਦਕ ਅਮਰਜੀਤ ਚੰਦਨ ਅਤੇ ਜੁਬੈਰ ਅਹਿਮਦ ਹਨ। ਮਈ 2019 ਵਿਚ ਇਸ ਵਿਚ ਸੁਧਾਰ ਕੀਤਾ ਗਿਆ ਹੈ।

Read in Gurmukhi Punjabi or Shahmukhi Punjabi.
Download the Gurmukhi PDF or Shahmukhi PDF.

Posted on:
September 21, 2018
Length:
17 minute read, 3570 words
Categories:
Cinema Essay
See Also: