ਕਿੱਸਾ ਪੰਜਾਬ- ਛੇ ਦਰਿਆਵਾਂ ਦੀ ਕਹਾਣੀ

By Jasdeep Singh in Cinema

September 21, 2018 Jasdeep Singh

ਜਤਿੰਦਰ ਮੌਹਰ ਦੀ ‘ਕਿੱਸਾ ਪੰਜਾਬ’ ਦੇ ਇੱਕ ਮਹੱਤਵਪੂਰਨ ਦ੍ਰਿਸ਼ ਵਿੱਚ,ਇੱਕ ਬਦਮਾਸ਼ ਕਾਤਿਲ ਮੁੰਡੇ ਦੀ ਗ੍ਰਿਫਤਾਰੀ ਹੁੰਦੀ ਹੈ, ਤਾਂ ਕੈਮਰੇ ਦਾ ਗਹੁ ਨਾਂ ਤਾਂ ਕਿਰਦਾਰ ਦੀ ਡੀਲ ਡੌਲ ਤੇ ਹੈ, ਨਾਂ ਪੁਲਿਸ ਵਾਲਿਆਂ ਦੀ ਦਹਿਸ਼ਤ ‘ਤੇ, ਨਾ ਬੰਦੂਕਾਂ ਅਤੇ ਵਰਦੀਆਂ ਦੀ ਸ਼ਾਨ ਤੇ, ਬਲਕਿ ਹੱਥਕੜੀਆਂ ‘ਤੇ, ਕਾਤਿਲ ਦੇ ਉੱਤਰੇ ਹੋਏ ਨਾਮੋਸ਼ੀ ਭਰੇ ਚਿਹਰੇ ‘ਤੇ, ਅਤੇ ਪੁਲਿਸ ਵਾਲਿਆਂ ਦੇ ਨਿਰਲੇਪ ਚਿਹਿਰਆਂ ‘ਤੇ ਹੈ।ਇਹ ਕਈ ਨੁਕਿਤਆਂ ਵਿੱਚੋਂ ਇੱਕ ਨੁਕਤਾ ਹੈ ਜੋ ਇਸ ਨੂੰ ਹੋਰ ਫ਼ਿਲਮਾਂ ਨਾਲੋਂ ਵੱਖ ਕਰਦਾ ਹੈ।‘ਕਿੱਸਾ ਪੰਜਾਬ’ ਬਾਰੇ ਬਾਕੀਆਂ ਫਿਲਮਾਂ ਨਾਲੋਂ ਯਥਾਰਥਵਾਦੀ ਹੋਣ ਦੀ ਗੱਲ ਤਾਂ ਹੋਈ ਹੈ। ਪਰ ਜਰੂਰੀ ਹੈ ਕਿ ਉਹਨਾਂ ਨੁਕਤਿਆਂ ਨੂੰ ਵੀ ਨਿਤਾਰਿਆ ਜਾਵੇ, ਜਿੱਥੇ ਇਹ ਕਾਰੋਬਾਰੀ ਪੰਜਾਬੀ ਸਿਨਮੇ ਦੀ ਭਾਸ਼ਾ ਵਿੱਚ ਬਦਲਵੀਂ ਦ੍ਰਿਸ਼ ਸਿਰਜਣਾ ਪੇਸ਼ ਕਰਨ ਵਿੱਚ ਕਾਮਯਾਬ ਹੁੰਦੀ ਹੈ।

ਇੱਕ ਹੋਰ ਨਿੱਖੜਵਾਂ ਸੀਨ ਹੈ: ਇੱਕ ਕਿਰਦਾਰ ਦਾ ਕਤਲ ਹੋ ਜਾਂਦਾ ਹੈ, ਬਾਹਰ ਜਾਣ ਨੂੰ ਤੱਤਪਰ ਇੱਕ ਨੌਜਵਾਨ ਦੇ ਹੱਥ ਕੀਮਤੀ ਨਸ਼ੇ ਦਾ ਬੈਗ ਲੱਗ ਜਾਂਦਾ ਹੈ। ਦੋ ਜਾਣੇ ਉਸ ਤੋਂ ਉਹ ਬੈਗ ਹਾਸਿਲ ਕਰਨ ਵਾਸਤੇ ਉਸਨੂੰ ਮਾਰ ਮੁਕਾਉਂਦੇ ਹਨ। ਕਾਤਿਲ ਫੋਕਸ ਤੋਂ ਬਾਹਰ ਹਨ, ਕਤਲ ਲਈ ਵਰਤਿਆ ਹਥਿਆਰ ਵੀ ਨਹੀਂ ਦਿਸ ਰਿਹਾ, ਜੋ ਚੀਜ ਦਿਸਦੀ ਹੈ, ਉਹ ਹੈ ਮਰਨ ਵਾਲੇ ਦਾ ਮੋਬਾਈਲ ਫੋਨ। ਕਾਤਿਲਾਂ ਵਿੱਚੋਂ ਇੱਕ ਉਸ ਨਾਲ ਛੇੜਖਾਨੀ ਕਰ ਰਿਹਾ ਹੈ, ਮੋਬਾਈਲ ਉੱਤੇ ਮਰਨ ਵਾਲੇ ਦੀ ਮਹਿਬੂਬਾ ਦਾ ਫੋਨ ਆ ਰਿਹਾ ਹੈ। ਇੱਕ ਦ੍ਰਿਸ਼ ਵਿੱਚ ਇੱਕ ਨਸ਼ਾ ਵੰਡਣ ਵਾਲੇ ਦੇ ਕੁੱਟ ਪੈਂਦੀ ਹੈ। ਬਦਮਾਸ਼ ਆਉਂਦੇ ਹਨ, ਜੁਬਾਨ ਚਲਾਉਂਦੇ ਹਨ, ਪਰ ਹੱਥ ਚਲਾਉਂਦੇ ਨਹੀਂ ਦਿਸਦੇ। ਦਿਸਦਾ ਹੈ ਸਿਰਫ ਕੁੱਟ ਖਾਣ ਵਾਲੇ ਦਾ ਸੁੱਜਿਆ ਚਿਹਰਾ ਅਤੇ ਪਾਟੀ ਟੀ ਸ਼ਰਟ।

ਇਹ ਪਹਿਲੀ ਵਾਰ ਨਹੀਂ ਹੈ ਕਿ ਜਤਿੰਦਰ ਨੇ ਹਿੰਸਾ ਦਰਸਾਉਂਦਾ ਦ੍ਰਿਸ਼ ਹਿੰਸਾ ਵਿਹੂਣਾ ਦਿਖਾਇਆ ਹੈ। ਉਸ ਦੀ ਪਿਛਲੀ ਫ਼ਿਲਮ ਸਿਰਸਾ ਵਿੱਚ, ਕੇਂਦਰੀ ਕਿਰਦਾਰ ਨਾਲ ਵਾਪਰਿਆ ਜਬਰ ਜਿਨਾਹ, ਇਸੇ ਤਰਾਂ ਸਿਰਜਿਆ ਹੋਇਆ ਸੀ।ਇਸੇ ਤਰਾਂ ਦੇ ਹੋਰ ਬਹੁਤ ਸਾਰੇ ਦ੍ਰਿਸ਼ ਹਨ ਜਿਹੜੇ ਦਰਸ਼ਕ ਦੀ ਸੋਚ ਨੂੰ ਟੁੰਭਦੇ ਹਨ, ਉਸਦਾ ਆਮ ਤੌਰ ਤੇ ਹਿੰਸਕ ਤਸਵੀਰਾਂ ਦੇਖਣ ਗਿੱਝਿਆ ਦਿਮਾਗ, ਉਹੋ ਜਿਹੇ ਦ੍ਰਿਸ਼ ਭਾਲਦਾ ਹੈ, ਪਰ ਉੁਸਨੂੰ ਨਿੰਮੋਝੋਣੇ ਦ੍ਰਿਸ਼ ਨਾਲ ਸਬਰ ਕਰਨਾ ਪੈਂਦਾ ਹੈ।

ਇਸ ਫ਼ਿਲਮ ਨੂੰ ‘ਛੇ ਦਰਿਆ’ ਦਾ ਨਾਮ ਦੇਣਾ ਗਲਤ ਨਹੀਂ ਹੋਵੇਗਾ, ਕਿਉਂਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਨਸ਼ਿਆਂ ਦੇ ਛੇਵੇਂ ਦਰਿਆ ਨਾਲ ਗ੍ਰਸਤ ਦੱਸੀ ਜਾਂਦੀ ਹੈ, ਅਤੇ ਫ਼ਿਲਮ ਵੀ ਛੇ ਨੌਜਵਾਨਾਂ ਦੀਆਂ ਜਿੰਦਗੀਆਂ ਦੀ ਕਹਾਣੀ ਕਹਿੰਦੀ ਹੈ, ਜੋ ਇੱਕ ਘਟਨਾ ਤੇ ਇਕ ਦੂਜੇ ਨਾਲ ਟਕਰਾਉਂਦੀਆਂ ਨੇ। ਸਾਰੇ ਹੀ ਕਿਰਦਾਰ ਨਿਰਾਸ਼ ਨੇ; ਇੱਕ ਡਾਂਸਰ ਜਿਸਨੇ ਮਾਪਿਆਂ ਦਾ ਘਰ ਚਲਾਉਣਾ ਹੈ, ਇੱਕ ਗਾਇਕ ਗੀਤਕਾਰ ਜਿਸਦਾ ਕੰਮ ਮੰਡੀ ਮੁਤਾਬਕ ਅਸਫ਼ਲ ਹੈ, ਇੱਕ ਅਮੀਰ ਕਾਕਾ ਜਿਸਨੂੰ ਨਸ਼ੇ ਤੋਂ ਬਿਨਾਂ ਹੋਰ ਕਿਸੇ ਚੀਜ ਵਿੱਚ ਦਿਲਚਸਪੀ ਨਹੀਂ ਹੈ, ਇੱਕ ਬਾਸਕਟ-ਬਾਲ ਦਾ ਖਿਡਾਰੀ ਜੋ ਮਜ਼ਦੂਰੀ ਕਰਕੇ ਢੰਗ ਟਪਾਉਂਦਾ ਟਪਾਉਂਦਾ ਨਸ਼ੇ ਵੇਚਣ ਲੱਗ ਜਾਂਦਾ ਹੈ, ਇੱਕ ਵਿਹਲੜ ਨੌਜਵਾਨ ਜਿਸ ਦਾ ਕੰਮ ਕੀਮਤੀ ਚੀਜਾਂ, ਪੈਸਾ ਲੁੱਟ ਖੋਹ ਕੇ, ਜਾਂ ਚੋਰੀ ਕਰਕੇ ਆਪਣੇ ਸੁਪਨਿਆਂ ਦੀ ਮੰਜ਼ਿਲ ਇਟਲੀ ਪਹੁੰਚਣ ਦਾ ਜੁਗਾੜ ਕਰਨਾ ਹੈ, ਅਤੇ ਆਪਣੇ ਚਾਚੇ ਕੋਲ ਰਹਿੰਦੇ ਯਤੀਮ ਭੈਣ ਭਰਾ, ਭੈਣ ਜੋ ਆਪਣੀ ਪੜ੍ਹਾਈ ਖਤਮ ਕਰਨਾ ਚਾਹੁੰਦੀ ਹੈ ਅਤੇ ਭਰਾ ਜਿਸਨੂੰ ਉਸਦਾ ਚਾਚਾ ਨਸ਼ਿਆਂ ਦੇ ਗੇੜ ਵਿੱਚ ਧੱਕ ਰਿਹਾ ਹੈ, ਤਾਂ ਕਿ ਆਪਣੀ ਭਤੀਜੇ ਦੇ ਹਿੱਸੇ ਦੀ ਜਾਇਦਾਦ ਚਾਚਾ ਆਪ ਵਾਹ ਸਕੇ।

ਫਿਲਮ ‘ਨਸ਼ਾ ਮਸਲੇ’ ਨੂੰ ਧਿਆਨ ‘ਚ ਲਿਆਉਣ ਦਾ ਉਜਰ ਨਹੀਂ ਕਰਦੀ ਬਲਕਿ ਸਮਾਜਿਕ ਖੋਖਲਾਪਣ ਜਿਹੜਾ ਨੌਜਵਾਨਾਂ ਨੂੰ ਇਸ ਆਤਮ ਘਾਤੀ ਬਿਰਤੀ ਵੱਲ ਧੱਕਦਾ ਹੈ, ਨੂੰ ਉਜਾਗਰ ਕਰਨ ਦਾ ਹੰਭਲਾ ਮਾਰਦੀ ਹੈ।ਫਿਲਮ ਦੇ ਦ੍ਰਿਸ਼ ਵੀ ਇਸ ਧੁੰਦਲਕੇ ਨੂੰ ਦਰਸਾਉਣ ਲਈ ਸਰੋਂ ਦਿਆਂ ਖੇਤਾਂ ਪਿਛਲੇ ਪੱਤਾ ਵਿਹੂਣੇ ਰੁੰਡ ਮਰੁੰਡ ਦਰਖਤ ਅਤੇ ਠੰਡ ਦੇ ਦਿਨਾਂ ਦੀ ਧੁੰਦ ਭਰੀ ਸਲੇਟੀ ਫਿਜ਼ਾ ਦਿਖਾਉਂਦੇ ਹਨ। ਸਰੋਂ ਦੇ ਖੇਤਾਂ ਦੇ ਬਹੁ ਪ੍ਰਚਲਿਤ ਦ੍ਰਿਸ਼ ਦੀ ਬਜਾਏ ਤਸਵੀਰ ਸੁਆਹ ਰੰਗ ਪਿੱਠਭੂਮੀ ਨਾਲ ਲੱਦੀ ਹੋਈ ਹੈ।ਜੇ ਫ਼ਿਲਮ ਵਿੱਚ ਕੋਈ ਊਣਤਾਈ ਖਟਕਦੀ ਹੈ ਤਾਂ ਸ਼ੁਰੂਆਤੀ ਦ੍ਰਿਸ਼ਾਂ ਦੀ ਚੋਣ ਵਿੱਚ ਅਤੇ ਪਿਛਲੇ ਭਾਗ ਦੇ ਜਲਦ ਵਾਪਰ ਰਹੀਆਂ ਘਟਨਾਵਾਂ ਦੇ ਵੇਗ ਵਿੱਚ ਸਮਝੀ ਜਾ ਸਕਦੀ ਹੈ।

ਫ਼ਿਲਮ ਵਿੱਚ ਹਾਸ-ਰਸ ਦੀ ਕਮੀ ਨਹੀਂ, ਦੁਕਾਨਦਾਰ ਪਿਉ-ਠੱਗ ਪੁੱਤ ਦੇ ਵਾਰਤਾਲਾਪ, ਪੜ੍ਹਾਕੂ ਕੁੜੀ ਦੀ ਮੁਹੱਬਤ ‘ਚ ਚੂਰ ਠੱਗ ਮੁੰਡਾ ਵੱਲੋਂ ਉਸਨੂੰ ਪੈਸੇ ਮੋੜਨ ਵਾਲੇ ਦ੍ਰਿਸ਼। ਨਸ਼ਾ ਕਾਰੋਬਾਰ ਦਾ ਪ੍ਰਬੰਧਕੀ ਨੰਬਰਦਾਰ, ਨਵੇਂ ਨਸ਼ੇ ਵੇਚਣ ਵਾਲੇ ਨੂੰ ਕਹਿੰਦਾ ਹੈ: ‘ਕਾਕਿਆਂ ਅਣਭੋਲਿਆਂ ਨੂੰ ਚਿੱਟਾ, ਸੁੱਕੇ ਦੁੱਧ ‘ਚ ਰਲਾ ਕੇ ਦੇਈਦਾ’ ਨਾਲੇ ਕੈਲਸ਼ੀਅਮ ਨੀ ਘਟਦਾ’।
ਸੰਵਾਦ ਰਾਹੀਂ ਹੋਰ ਬਹੁਤ ਸਾਰਿਆਂ ਪੱਖਾਂ ਤੇ ਵੀ ਤੰਜ ਕੱਸਿਆ ਗਿਆ ਹੈ, ਨਸ਼ਾ ਵਪਾਰ ਸਰਗਣਾ, ਨਸ਼ਾ ਵੇਚਣ ਵਾਲੇ ਮੁੰਡੇ ਦੇ ਨੂੰ ਕਹਿੰਦਾ ਹੈ: “ਕਹਿੰਦੇ ਨੇ ਮਰੇ ਤੇ ਮੁੱਕਰੇ ਦਾ ਕੋਈ ਇਲਾਜ ਨਹੀਂ, ਪਰ ਮੁੱਕਰੇ ਹੋਏ ਸਾਨੂੰ ਮਾਰਨੇ ਚੰਗੀ ਤਰਾਂ ਆਉਂਦੇ ਨੇ”। ਗੀਤ ਸੰਗੀਤ ਕਹਾਣੀ ਮੁਤਾਬਕ ਸਾਰਥਕ ਹੈ, ਰੋਹਿਤ ਕੌਸ਼ਿਕ ਅਤੇ ਮਨਪ੍ਰੀਤ ਸਿੱਧੂ ਦੀ ਗੀਤਕਾਰੀ ਅਰਥ ਭਰਪੂਰ ਹੈ।ਗੁਰਦਾਸ ਮਾਨ ਦਾ ਗਾਇਆ ‘ਬੀਨ ਡੱਸ ਗਈ ਜਿੱਥੇ ਸਪੇਰਿਆਂ ਨੂੰ, ਉੱਥੇ ਸੱਪ ਪਟਾਰੀਆਂ ਵਿੱਚ ਕੌਣ ਕੀਲੇ’ ਫ਼ਿਲਮ ਦਾ ਸਬਟੈਕਸਟ ਜਾਪਦਾ ਹੈ।ਨੂਰਾਂ ਭੈਣਾਂ ਦਾ ਗਾਇਆ ‘ਤੇਰੀ ਦੀਦ ਖੁਦਾ ਦਾ ਝਾਕਾ’ ਕੀ ਲੈਣਾ ਮੰਦਰਾਂ ਤੋਂ ਨੀ ਜਿੰਦੇ ਮੇਰੀਏ’ ਦਿਲ ਟੁੰਬਦਾ ਹੈ। ਅਦਾਕਾਰੀ ਪੱਖੋਂ ਵੀ ਸਟਾਰ ਕਲਾਕਾਰਾਂ ਦਾ ਸਹਾਰਾ ਲੈਣ ਦੀ ਬਜਾਏ, ਕਿਰਦਾਰ ਮੁਤਾਬਕ ਨਵੇਂ ਕਲਾਕਰਾਂ ਨੂੰ ਮੌਕਾ ਦੇਣਾ ਵੀ ਫ਼ਿਲਮ ਨੂੰ ਵੱਖਰਾ ਸਰੂਪ ਦਿੰਦਾ ਹੈ, ਅਤੇ ਵੱਖ ਵੱਖ ਨਾਟਕ ਮੰਡਲੀਆਂ ਦੇ ਸਿਖਾਏ ਹੋਏ ਅਦਾਕਾਰਾਂ ਨੇ ਆਪਣੇ ਜੌਹਰ ਦਿਖਾਏ ਨੇ।

ਕਹਾਣੀਕਾਰ ਉਦੈ ਪ੍ਰਤਾਪ ਸਿੰਘ ਦਾ ਧੰਨਵਾਦ ਕਰਨਾ ਬਣਦਾ ਹੈ, ਜਿਸਨੇ ਇਹ ਵਿਲੱਖਣ ਕਹਾਣੀ ਪੰਜਾਬੀ ਦਰਸ਼ਕਾਂ ਦੇ ਸਨਮੁੱਖ ਕੀਤੀ। ਫ਼ਿਲਮ ਦਾ ਖਾਸ ਪੱਖ ਹੈ ਕਹਾਣੀਆਂ ਦੇ ਅੰਤ ਨਾਲ ਕਿਵੇਂ ਨਜਿੱਠਿਆ ਗਿਆ ਹੈ, ਸਾਰੀਆਂ ਕਹਾਣੀਆਂ ਦਾ ਕੋਈ ਸਪਸ਼ਟ ਅੰਤ ਨਹੀਂ ਹੈ, ਦਰਸ਼ਕ ਨੂੰ ਸੋਚਣ ਲਈ ਮਜਬੂਰ ਕੀਤਾ ਗਿਆ ਹੈ: ਬਾਸਕਟਬਾਲ ਖਿਡਾਰੀ ਦਾ ਕੀ ਬਣਿਆ ਹੋਵੇਗਾ, ਜੀਹਦੀ ਜਿੰਦਗੀ ਤੇ ਨਸ਼ਾ ਵਪਾਰ ਸਰਗਣੇ ਦੀ ਜਾਨੋਂ ਮਾਰਨ ਦੀ ਧਮਕੀ ਮੰਡਰਾ ਰਹੀ ਹੈ, ਪੜ੍ਹਾਕੂ ਕੁੜੀ ਜੋ ਆਪਣੇ ਸੱਜਣ ਦੀ ਮੋਬਾਈਲ ਕਾਲ ਉਡੀਕਦੀ ਬੱਸ ਅੱਡੇ ਤੇ ਖੜੀ ਹੈ, ਡਾਂਸਰ ਕੁੜੀ ਜੋ ਗਲੀ ਵਿੱਚ ਭਟਕਦੀ ਦਿਸਦੀ ਹੈ ਜਦੋਂ ਉਸਦਾ ਗਾਇਕ ਸੱਜਣ ਨਹੀਂ ਰਿਹਾ। ਨਘੋਚੀ ਬੰਦਾ ਇਹ ਕਹਿ ਸਕਦਾ ਹੈ ਕਿ ਕਹਾਣੀਆਂ ਦਾ ਅੰਤ ਹੁੰਦਾਂ ਤਾਂ ਚੰਗਾ ਹੁੰਦਾ, ਇਹ ਫ਼ਿਲਮ ਇੱਕ ਸ਼ੈਕਪੀਅਰੀ ਦੁਖਾਂਤ ਵਾਂਗ ਹੋ ਨਿੱਬੜਦੀ ਜਾਂ ਫਿਰ ਆਸਵੰਦ ਇਸਨੂੰ ਜਿਵਂੇ ਹੈ ਉਵੇਂ ਹੀ ਪਸੰਦ ਕਰ ਸਕਦਾ ਹੈ, ਇਸਦੀ ਵਿਲੱਖਣਤਾ ਅਤੇ ਅਣਸੁਖਾਵੀਂ ਰਹਿਤਲ ਵਾਸਤੇ।

ਫ਼ਿਲਮ ਦਾ ਸਾਰਾਂਸ਼ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਅਮੀਰ ਜਮਾਤ ਵਿਲਾਸ ਲਈ ਨਸ਼ੇਬਾਜੀ ਵਿੱਚ ਲਿਪਤ ਹੋ ਸਕਦੀ ਹੈ, ਨਸ਼ਾ ਵਪਾਰ ਦਾ ਅੰਗ ਬਣ ਸਕਦੀ ਹੈ, ਅਤੇ ਫੇਰ ਵੀ ਸਾਫ ਸ਼ਫਾਫ ਬਾਹਰ ਆ ਸਕਦੀ ਹੈ। ਪਰ ਕੰਮਕਾਜੀ ਜਮਾਤ ਕੋਲ ਇਹ ਸਹੂਲਤ ਨਹੀਂ ਹੈ, ਉਹਨਾਂ ਨੂੰ ਆਪਣੀ ਜਾਨ ਨਾਲ ਜਾਂ ਸੁਪਨਿਆਂ ਦੀ ਮੌਤ ਨਾਲ ਹਰਜਾਨਾ ਭਰਨਾ ਪੈਂਦਾ ਹੈ। ਸਵਾਲ ਸਮਾਜ ਦੇ ਸਨਮੁਖ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਕਿਉਂ ਇਸ ਬਾਂਝ ਸੱਖਣੇਪਣ ਦਾ ਸਥਲ ਬਣ ਗਈ ਹੈ। ਜਿੰਮੇਵਾਰੀ ਸਾਡੀ ਵੀ ਬਣਦੀ ਹੈ, ਜਾਂ ਫੇਰ ਅਸੀ ਰਾਜਨੀਤਕ ਪਾਰਟੀਆਂ ਜਾਂ ਗੁਆਂਢੀ ਮੁਲਕ ਦੇ ਸਿਰ ਦੋਸ਼ ਮੜ੍ਹ ਕੇ, ਪੱਲਾ ਝਾੜ ਕੇ ਸਾਫ ਸ਼ਫਾਫ ਦਿਸ ਸਕਦੇ ਹਾਂ, ਫ਼ਿਲਮ ਵਿਚਲੇ ਅਮੀਰ ਕਾਕੇ ਵਾਂਗੂ।


Download the PDF


Posted on:
September 21, 2018
Length:
5 minute read, 998 words
Categories:
Cinema
See Also: