ਕ਼ਾਇਮ ਦੀਨ

By ਅਲੀ ਅਕਬਰ ਨਾਤਿਕ

August 15, 2024 Jasdeep Singh

ਤਸਵੀਰ: ਉਮੈਰ ਗ਼ਨੀ

ਤਸਵੀਰ: ਉਮੈਰ ਗ਼ਨੀ

Listen to the Punjabi tranlsation read by Jasdeep Singh

ਹਾਂ ਫੇਰ ਦੱਸ ਏਸ ਡੱਬ-ਖੜੱਬੀ ਦਾ ਕੀ ਲਏਂਗਾ? ਨਾਲ਼ੇ ਇਕ ਗੱਲ ਕਹਾਂ? ਚੋਰੀ ਦਾ ਮਾਲ ਐ, ਸੋਚ ਕੇ ਭਾਅ ਲਾਂਵੀ। ਕੱਲ ਕਲੋਤਰ ਨੂੰ ਪੁਲਸ ਆ ਖੜੋਤੀ ਤਾਂ ਉਨ੍ਹਾਂ ਨਾਲ਼ ਵੀ ਮੁੱਕ-ਮੁਕਾ ਕਰਨਾ ਪੈਣੇ," ਨੂਰ ਦੀਨ ਨੇ ਮੱਝ ਦੀ ਪਿੱਠ 'ਤੇ ਹੱਥ ਫੇਰਦੇ ਨੇ ਕਿਹਾ।

"ਦੇਖ ਮੀਆਂ ਨੂਰੇ, ਪੰਜ ਹਜ਼ਾਰ ਤੋਂ ਇਕ ਟਕਾ ਘੱਟ ਨੀ ਲੈਣਾ। ਅਠਾਰਾਂ ਲੀਟਰ ਦੁੱਧ ਆਥਣ ਸਵੇਰ ਬਾਟੇ ਨਾਲ਼ ਮਿਣ ਕੇ ਚੋ ਲਈਂ। ਤੁਪਕਾ ਵੀ ਘੱਟ ਹੋਇਆ ਤਾਂ ਥੜ੍ਹੇ 'ਤੇ ਖੜ੍ਹ ਕੇ ਮੁੱਛਾਂ ਮੁਨਵਾ ਦੇਊਂ। ਰਹੀ ਪੁਲਸ ਦੀ ਗੱਲ, ਜੇ ਤੈਥੋਂ ਕੋਈ ਪੁੱਛੇ ਤਾਂ ਸਿੱਧਾ ਮੇਰੇ ਛੱਪਰ ਦਾ ਰਾਹ ਦਿਖਾ ਦੇਈਂ, ਫੇਰ ਮੈਂ ਜਾਣਾ ਜਾਂ ਪੁਲਸ," ਕੁੰਮੇ ਨੇ ਰੁੱਖੇਪਣ ਨਾਲ਼ ਕੀਮਤ ਦੱਸਦਿਆਂ ਕਿਹਾ।

"ਪੰਜ ਹਜ਼ਾਰ! ਕਹਿਰ ਖ਼ੁਦਾ ਦਾ। ਹੈ ਤਾਂ ਮੱਝ ਈ? ਕੋਈ ਹਾਥੀ ਤਾਂ ਨੀ। ਤੇ ਤੂੰ ਕਿਹੜਾ ਮੁੱਲ ਲੈ ਕੇ ਆਇਆਂ। ਮੁਫ਼ਤ ਦੀ ਮਾਰ ਐ। ਤਿੰਨ ਹਜ਼ਾਰ ਲੈ ਤੇ ਕੰਬਲ ਤੋਂ ਜਾਨ ਛੁਡਾ।" ਨੂਰਾ ਫੇਰ ਬੋਲਿਆ, "ਮਾਈ ਨਜ਼ੀਰਾਂ ਨੂੰ ਤਾਂ ਪਿਛਲੇ ਮਹੀਨੇ ਝੋਟੇ ਵਰਗੀ ਇਕ ਹਜ਼ਾਰ ਚ ਦੇ ਤੀ ਤੇ ਮੈਥੋਂ ਪੰਜ ਹਜ਼ਾਰ ਮੰਗੀ ਜਾਨੈਂ।"

"ਉਏ ਜਾਅ ਪਰਾਂ, ਮੁਫ਼ਤ ਦੀ ਮਾਰ ਐ! ਬਾਡਰ ਪਾਰੋਂ ਚੋਰੀ ਕਰਕੇ ਲਿਆਉਣਾ ਤਾਂ ਇਕ ਪਾਸੇ, ਅੱਧੀ ਰਾਤ ਨੂੰ ਦਰਿਆ ਪਾਰ ਕਰਕੇ ਹੀ ਦਿਖਾ ਦੇ। ਇਹੋ ਜਿਹੀਆਂ ਤਿੰਨ ਮੱਝਾਂ ਮੁਫ਼ਤ ਨਾ ਦਿੱਤੀਆਂ, ਤਾਂ ਨਿਜ਼ਾਮੂਦੀਨ ਦਾ ਪੁੱਤ ਨਾ ਜਾਣੀ" ਕੁੰਮਾ ਤਲਖ਼ੀ ਨਾਲ਼ ਬੋਲਿਆ। ਪੋਹ ਦੀਆਂ ਠੰਢੀਆਂ ਰਾਤਾਂ ਵਿਚ ਸਤਲੁਜ ਦੇ ਚੜ੍ਹਦੇ ਪਾਣੀਆਂ ਨੂੰ ਪਾਰ ਕਰਕੇ, ਨੜੇ ਦਿਆਂ ਜੰਗਲ਼ਾਂ ਚ ਕਾਲ਼ਿਆਂ ਸੱਪਾਂ ਦੀਆਂ ਸਿਰੀਆਂ ਨੱਪਣਾ, ਕੋਈ ਅੰਮਾਂ ਜੀ ਦਾ ਖੇਡ ਨਹੀਂ ਤੇ ਹੱਦੋਂ ਪਾਰ ਇਹ ਸਿੱਖੜੇ ਮਾਲ ਕੋਈ ਤਲ਼ੀ 'ਤੇ ਰੱਖ ਕੇ ਨਹੀਂ ਖੜੇ ਰਹਿੰਦੇ। ਮੌਤ ਦੇ ਮੂੰਹ ਚੋਂ ਕੱਢ ਕੇ ਲਿਆਉਣਾ। ਤੇ ਤੈਨੂੰ ਮੁਫ਼ਤ ਦੇ ਦਿਆਂ? ਜੇ ਪੰਜਾਂ ਚ ਲੈਣੀ ਆ ਤਾਂ ਲੈ, ਨਹੀਂ ਤਾਂ ਆਪਣੀ ਡੰਡੀ ਪੈ। ਮਾਈ ਨਜ਼ੀਰਾਂ ਦਾ ਤੂੰ ਠੇਕਾ ਲਿਆ? ਵਿਚਾਰੀ ਦਾ ਨਾ ਅੱਗਾ ਨਾ ਪਿੱਛਾ, ਕੱਲੀ ਜਾਨ, ਮੈਂ ਉਹਨੂੰ ਮੁਫ਼ਤ ਦੇਵਾਂ ਜਾਂ ਪੈਸੇ ਲਵਾਂ; ਤੇਰਾ ਢਿੱਡ ਦੁਖਦੈ?"

ਕੁੰਮੇ ਦੀ ਗੱਲ ਸੁਣ ਕੇ ਨੂਰਦੀਨ ਝਿੱਥਾ-ਜਿਹਾ ਮੂੰਹ ਲੈ ਕੇ ਵਾੜੇ ਚੋਂ ਬਾਹਰ ਨਿਕਲ਼ ਆਇਆ। ਏਧਰ ਕੁੰਮੇ ਨੇ ਛੇਤੀ ਨਾਲ਼ ਮੱਝਾਂ ਟਰੱਕ ਚ ਲੱਦਣ ਦੀ ਤਿਆਰੀ ਕੀਤੀ, ਜੋ ਉਹਦਾ ਭਾਈ ਜਲਾਲੂਦੀਨ ਰਾਤ ਹੀ ਮੰਡੀ ਅਹਮਿਦਾਬਾਦ ਤੋਂ ਕਿਰਾਏ ਤੇ ਲੈ ਆਇਆ ਸੀ। ਉਹ ਉਸ 'ਤੇ ਛੇ ਮੱਝਾਂ ਤੇ ਦੋ ਗਾਵਾਂ ਲੱਦ ਕੇ ਲਾਇਲਪੁਰ ਮੰਡੀ ਲੈ ਗਿਆ।

ਓਧਰ ਜਲਾਲਦੀਨ ਮਾਲ ਲੈ ਕੇ ਤੁਰਿਆ, ਏਧਰ ਕਹਾਣੀਆਂ ਤੁਰ ਪਈਆਂ।

"ਭਾਈ ਸ਼ਾਦੇ ਖ਼ਾਂ," ਕੁੰਮੇ ਨੇ ਮੁੱਛ 'ਤੇ ਹੱਥ ਫੇਰ ਕੇ ਹੁੱਕੇ ਦਾ ਲੰਮਾ ਘੁੱਟ ਭਰਿਆ। "ਜਦੋਂ ਮੈਂ ਦਰਿਆ ਦੇ ਕੰਢੇ ਪਹੁੰਚਿਆ, ਤਾਂ ਰਾਤ ਦੇ ਨੌਂ ਵੱਜੇ ਸੀ। ਰਾਤ ਘੁੱਪ ਹਨੇਰੀ, ਐਹੋ ਜਿਹੀ ਕਿ ਯਮਰਾਜ ਵਿਚਾਰੇ ਦੇ ਵੀ ਸਾਹ ਨਿਕਲ ਜਾਣ। ਓਧਰ ਸਤਲੁਜ ਦਾ ਠਾਠਾਂ ਮਾਰਦਾ ਠੰਢਾ ਪਾਣੀ। ਮੈਂ ਦਿਲ ਚ ਕਿਹਾ, ਲੈ ਬਈ ਕੁੰਮਿਆ ਤੇਰਾ ਹੁਣ ਰੱਬ ਰਾਖਾ ਤੇ ਸਾਈਂ ਚੰਨਣ ਸ਼ਾਹ ਤੇਰਾ ਮਦਦਗਾਰ। ਮਾਰ ਦੇ ਛਾਲ਼ ਦਰਿਆ ਚ। ਬਸ ਫੇਰ ਇਕ ਦੋ ਮਿੰਟ ਠੰਢ ਲੱਗੀ, ਉਸਤੋਂ ਬਾਦ ਤਾਂ ਮੈਂ ਦਰਿਆ ਨੂੰ ਚੀਰ ਕੇ ਲੰਘ ਗਿਆ, ਪੰਦਰਾਂ ਮਿੰਟਾਂ ਚ ਰੱਬ ਸਾਈਂ ਦੇ ਕਰਮ ਨਾਲ਼ ਅਗਲੇ ਕੰਢੇ।"

"ਤੇ ਨੜੇ ਦਾ ਜੰਗਲ ਕਿਵੇਂ ਪਾਰ ਕੀਤਾ? ਓਥੇ ਤਾਂ ਕਾਟੋਆਂ ਵਾਂਗੂੰ ਸੱਪ ਨੱਚਦੇ ਆ," ਸ਼ਮਸ ਅਲੀ ਨੇ ਹੈਰਾਨੀ ਨਾਲ਼ ਪੁੱਛਿਆ।

"ਸ਼ੰਮੇ ਖ਼ਾਂ, ਨੜੇ ਦਾ ਨਹੀਂ, ਸੱਪਾਂ ਦਾ ਜੰਗਲ ਕਹਿ, ਸੱਪਾਂ ਦਾ," ਕੁੰਮਾ ਮਿੱਠੀ ਧੁੱਪ ਚ ਅੰਗੜਾਈ ਲੈਂਦਾ ਬੋਲਿਆ, "ਏਨੇ ਮੋਟੇ ਆ ਕਿ ਬੰਦੇ ਨੂੰ ਸਬੂਤਾ ਖਾ ਜਾਣ। ਡਕਾਰ ਮਾਰਨਾ ਤਾਂ ਅੱਡ ਗੱਲ, ਜੀਭ ਵੀ ਨੀ ਚੱਟਦੇ। ਬੱਸ ਦੋ ਪਾਸੇ ਮਾਰੇ ਤੇ ਬੰਦਾ ਹਜ਼ਮ। ਸਹੁੰ ਚੰਨਣ ਸ਼ਾਹ ਦੀ, ਇਹਨਾਂ ਅੱਖਾਂ ਨੇ ਵੀਹਾਂ ਬੰਦਿਆਂ ਨੂੰ ਨੜੇ ਦੇ ਇਸ ਜੰਗਲ ਚ ਗ਼ਾਇਬ ਹੁੰਦਿਆਂ ਦੇਖਿਆ ਐ। ਦੋ ਚਾਰ ਤਾਂ ਮੇਰੇ ਸਾਹਮਣੇ ਨਿਗਲ਼ੇ ਗਏ। ਪਰ ਮੈਂ ਕਿਹੜਾ ਕੋਈ ਜਵਾਕ ਸੀ ਕਿ ਇਹਦਾ ਤੋੜ ਨਹੀਂ ਜਾਣਦਾ ਸੀ। ਪੀਰ ਨਿਜ਼ਾਮ ਬਖ਼ਸ਼ ਤੋਂ ਮੰਤਰ ਏਸੇ ਔਕੜ ਵਾਸਤੇ ਤਾਂ ਸਿੱਖਿਆ ਸੀ। ਬੱਸ ਭਾਈ ਐਧਰ ਮੈਂ ਮੰਤਰ ਪੜ੍ਹਿਆ ਓਧਰ ਬਾਸ਼ਕ ਨਾਗ, ਕੁਲਸਾਢ, ਅਰਗਨ ਨਾਗ, ਪਦਮ ਨਾਗ, ਖਪਰਾ, ਕਲਚੂੜੀਆ, ਸੰਗਚੋੜ, ਕੁਲਹਰੀਆ, ਇਕ ਇਕ ਕਰਕੇ ਸਲਾਮੀ ਦੇਣ ਵਾਸਤੇ ਹਾਜ਼ਰ ਹੋ ਗਏ। ਨੀਲਬਾਨੀਆ ਨਹੀਂ ਮੰਨਿਆ ਤਾਂ ਫੂਕ ਮਾਰ ਕੇ ਰਾਖ ਕਰ ਦਿੱਤਾ।"

"ਪਰ ਸੂਰਾਂ ਤੇ ਤਾਂ ਮੰਤਰ ਚਲਦੇ ਨਹੀਂ ਤੇ ਮੈਂ ਜਾਣਦਾ ਵੀ ਦਸ ਵੀਹ ਨਹੀਂ, ਸੈਂਕੜੇ ਸੂਰ ਇਸ ਜੰਗਲ ਚ ਨੇ। ਜਿਵੇਂ ਹਿੰਦੋਸਤਾਨੀ ਫ਼ੌਜ ਮੂੰਹ ਚ ਕਟਾਰ ਲੈ ਕੇ ਘੁੰਮਦੀ ਫਿਰਦੀ ਹੋਵੇ। ਉਹਨਾਂ ਤੋਂ ਕਿਵੇਂ ਬਚਿਆ?" ਹਾਮਦੀ ਨੇ ਟਕੋਰ ਕੀਤੀ।

"ਵਾਹ ਹਾਮਦੀ ਵਾਹ, ਆਹ ਤੂੰ ਖ਼ੂਬ ਕਹੀ! ਆਹ ਕੰਧ ਨਾਲ਼ ਲੱਗੀ ਛੇ ਫਲੀ ਬਰਛੀ ਦੇਖੀ ਐ? ਵੱਢਣ ਵੇਲੇ ਦੁਸ਼ਮਣ ਤੇ ਸੂਰ ਚ ਫ਼ਰਕ ਨਹੀਂ ਕਰਦੀ। ਪੰਦਰਾ ਸੂਰ ਵੱਢ ਕੇ ਦੇਖ ਕਿਵੇਂ ਅਰਾਮ ਨਾਲ਼ ਪਈ ਐ। ਜਨਮਾਂ ਜਨਮਾਂ ਦੀ ਸਾਥਣ। ਭਾਗਾਂ-ਭਰੀ ਨੇ ਰਾਤੀਂ ਕਮਾਲ ਕਰ ਦਿੱਤਾ।"

"ਮੁਕਦੀ ਗੱਲ," ਕੁੰਮੇ ਨੇ ਕਹਾਣੀ ਅੱਗੇ ਵਧਾਉਂਦਿਆਂ ਕਿਹਾ, "ਸੂਰਾਂ ਨੂੰ ਪਾੜਦਾ ਤੇ ਸੱਪਾਂ ਨੂੰ ਕੁਚਲਦਾ ਰਾਤ ਦੇ ਇਕ ਕੁ ਵਜੇ ਮੈਂ ਫੌਜਾ ਸਿਓਂ ਕੇ ਵਾੜੇ ਚ ਪਹੁੰਚ ਗਿਆ ਅਤੇ ਇਕ ਇਕ ਕਰਕੇ ਸਾਰੀਆਂ ਮੱਝਾਂ ਖੋਲ੍ਹ ਕੇ ਅੱਗੇ ਲਾ ਲਈਆਂ। ਝੋਨੇ ਦੇ ਖੇਤਾਂ ਵਿਚ ਦੀ ਲੰਘ ਕੇ ਇਕ ਘੰਟੇ ਚ ਬਾਡਰ ਤੋਂ ਐਧਰ ਲੈ ਆਇਆ।"

"ਤੇ ਸਿੱਖੜਾ ਫੀਮ ਖਾ ਕੇ ਸੁੱਤਾ ਸੀ ਵੀ ਜਾਗਿਆ ਨਹੀਂ?" ਇਰਸ਼ਾਦ ਅਲੀ ਨੇ ਪੁੱਛਿਆ।

"ਸਾਲਾ ਬੰਦਾ ਥੋੜੈ, ਮੈਂਹ ਐ। ਹਰ ਰੋਜ਼ ਚਾਰ ਜੱਗ ਲੱਸੀ ਦੇ ਪੀ ਕੇ ਸੌਂਦਾ ਐ। ਜੋ ਐਨੀ ਲੱਸੀ ਪੀ ਲਏ, ਫਿਰ ਓਹ ਤਾਂ ਕੀ ਓਹਦੇ ਤਾਂ ਭਾਗ ਵੀ ਸੌਂ ਜਾਂਦੇ ਆ।"

ਕੁੰਮਾ ਸਿਆਲਾਂ ਦੀ ਇਸ ਰੌਸ਼ਨ ਧੁੱਪ ਚ ਥੜ੍ਹੇ 'ਤੇ ਬੈਠਾ ਪਿੰਡ ਦੇ ਲੋਕਾਂ ਨੂੰ ਆਪਣੀ ਇਸ ਵਾਰਦਾਤ ਦੇ ਕਿੱਸੇ ਸੁਣਾ ਰਿਹਾ ਸੀ ਕਿ ਦੂਰੋਂ ਮੌਲਵੀ ਸਿਰਾਜ ਦੀਨ ਤਸਬੀਹ ਫੇਰਦਾ ਹੋਇਆ ਨੇੜੇ ਆਇਆ ਤੇ ਕੁੰਮੇ ਨੂੰ ਕਹਿਣ ਲੱਗਿਆ, "ਕੁੰਮੇ, ਗ਼ਨੀਮਤ ਦਾ ਮਾਲ ਮੁਬਾਰਕ ਹੋਵੇ। ਸੁਣਿਐ ਰਾਤ ਅੱਲ੍ਹਾ ਨੇ ਤੇਰੀ ਬੜੀ ਮਦਦ ਕੀਤੀ, ਪੂਰੇ ਅੱਠ ਮਵੇਸ਼ੀ ਲੈ ਕੇ ਆਇਐਂ। ਬੱਸ ਕਾਫ਼ਰਾਂ ਦੇ ਨਾਲ਼ ਜਿਹਾਦ ਦਾ ਅੱਜ ਕੱਲ ਇਹੀ ਤਰੀਕਾ ਠੀਕ ਐ। ਅੱਲ੍ਹਾ ਨੇ ਚਾਹਿਆ ਤਾਂ ਤੇਰੀ ਬਖ਼ਸ਼ਿਸ਼ ਪੱਕੀ ਐ।"

ਸਾਰੇ ਜਣਿਆਂ ਨੇ ਮੌਲਵੀ ਦੀ ਇਸ ਗੱਲ ਨੂੰ ਧਿਆਨ ਨਾਲ਼ ਸੁਣਿਆ ਤੇ ਕੁੰਮੇ ਵੱਲ ਈਰਖਾ ਨਾਲ਼ ਦੇਖਣ ਲੱਗੇ। ਸੁਣ ਕੇ ਕੁੰਮਾ ਵੀ ਮਾਣ ਨਾਲ਼ ਮੁੱਛਾਂ 'ਤੇ ਹੱਥ ਫੇਰਨ ਲੱਗਿਆ ਤੇ ਬਣਾਉਟੀ ਹਲੀਮੀ ਨਾਲ਼ ਮੌਲਵੀ ਵੱਲ ਝੁਕਿਆ। ਫੇਰ ਮੌਲਵੀ ਸਾਹਿਬ ਨੇ ਪੰਦਰਾਂ ਵੀਹ ਮਿੰਟ ਇਸਲਾਮ ਅਤੇ ਕੁਫ਼ਰ 'ਤੇ ਭਾਸ਼ਨ ਦਿੱਤਾ। ਇਸਤੋਂ ਬਾਅਦ ਕੁੰਮੇ ਦੇ ਘਰੋਂ ਸਾਰੇ ਜਣਿਆਂ ਵਾਸਤੇ ਚਾਹ ਬਣ ਕੇ ਆ ਗਈ, ਜੀਹਨੂੰ ਸਾਰੇ ਸਵਾਦ ਨਾਲ਼ ਪੀਣ ਲੱਗੇ। ਚਾਹ ਪੀ ਕੇ ਮੌਲਵੀ ਸਿਰਾਜ ਦੀਨ ਉੱਠਿਆ, ਉੱਠ ਕੇ ਜਾਣ ਲੱਗਿਆ ਤਾਂ ਸਾਰੇ ਖੜ੍ਹੇ ਹੋ ਗਏ। ਦੋ ਪੈਰ ਤੁਰ ਕੇ ਮੌਲਵੀ ਸਾਹਿਬ ਫੇਰ ਰੁਕੇ ਤੇ ਕੁੰਮੇ ਨੂੰ ਕਹਿਣ ਲੱਗੇ, "ਪੁੱਤਰ ਕੁੰਮੇ, ਮਸਜਿਦ ਦਾ ਹਿੱਸਾ ਛੇਤੀ ਭੇਜ ਦੇਈਂ, ਕਿਤੇ ਖ਼ੁਦਾ ਨਰਾਜ਼ ਨਾ ਹੋ ਜਾਵੇ।"

"ਬਸ ਮੌਲਵੀ ਸਾਹਿਬ ਜਲਾਲਦੀਨ ਮੰਡੀ ਤੋਂ ਵਾਪਿਸ ਆ ਜਾਵੇ, ਤਾਂ ਸਭ ਤੋਂ ਪਹਿਲਾਂ ਮਸਜਿਦ ਦਾ ਹਿੱਸਾ ਪਹੁੰਚੂ," ਕੁੰਮੇ ਨੇ ਤੜੱਕ ਨਾਲ਼ ਜਵਾਬ ਦਿੱਤਾ।

***

"ਲੈ ਭਾਈ ਕੁੰਮੇ, ਅੱਜ ਤੋਂ ਤੀਸਰੇ ਦਿਨ ਭਾਦੋਂ ਦੀ ਸੋਲਾਂ ਹੈ," ਖਾਨੂੰ ਸਿਆਲ ਨੇ ਬੈਠਦਿਆਂ ਕਿਹਾ। "ਮੈਂ ਤੇਰੇ ਤੇ ਦੋ ਹਜ਼ਾਰ ਦੀ ਝੰਡੀ ਰੱਖਤੀ। ਹਮੀਦਾ ਗੁੱਜਰ ਇਸ ਵਾਰ ਕੁਸ਼ਤੀ ਚ ਜਿੱਤ ਨਾ ਜਾਏ। ਸ਼ਾਮਦੀਨ ਤੇ ਫੈਜੇ ਨੇ ਉਹਦੇ 'ਤੇ ਸ਼ਰਤ ਲਾਈ ਐ।"

"ਚਾਚਾ ਖਾਨੂੰ, ਤੂੰ ਫ਼ਿਕਰ ਨਾ ਕਰ, ਹਰਾਮੀ ਨੂੰ ਐਸਾ ਧੋਬੀ ਪਟਕਾ ਦੇਊਂਗਾ ਕਿ ਫੇਰ ਦਸ ਪੁਸ਼ਤਾਂ ਤੱਕ ਕੋਈ ਕੁਸ਼ਤੀ ਨਾ ਕਰੂ। ਗੈਂਡੇ ਦੀ ਔਲਾਦ ਨੇ ਪਿਛਲੇ ਸਾਲ ਮਾਈ ਜੁੰਮਨ ਦੇ ਪੁੱਤਰ ਦੀ ਲੱਤ ਤੋੜ ਤੀ, ਤੇ ਪਸਲ਼ੀਆਂ ਤੇ ਵੀ ਬਿਨਾਂ ਗੱਲੋਂ ਜ਼ੋਰ ਪਾਉਂਦਾ ਰਿਹਾ," ਕੁੰਮਾ ਤੜਫ ਕੇ ਬੋਲਿਆ। "ਉਹ ਤਾਂ ਸਰਦਾਰ ਨਬੀ ਬਖ਼ਸ਼ ਨੇ ਕੁਸ਼ਤੀ ਛੁਡਵਾ ਤੀ, ਨਹੀਂ ਤਾਂ ਇਹਨੇ ਤਾਂ ਉਹਨੂੰ ਮਾਰ ਹੀ ਦੇਣਾ ਸੀ। ਪਰ ਇਹ ਤਾਂ ਦੱਸ ਕਿ ਐਨੇ ਪੈਸੇ ਕਿੱਥੋਂ ਆ ਗਏ ਜਿਹੜੇ ਪੂਰੇ ਦੋ ਹਜ਼ਾਰ ਲਾਉਣ ਲੱਗਿਐਂ? ਤੇ ਫੇਰ ਕੁੱਤਿਆਂ ਦੀ ਲੜਾਈ ਤੇ ਕਬੱਡੀ 'ਤੇ ਵੀ ਤਾਂ ਦਾਅ ਲਾਉਣਾ ਹੋਊ।"

"ਪੁੱਤਰ ਤੂੰ ਇਹਦੀ ਚਿੰਤਾ ਨਾ ਕਰ," ਖ਼ਾਨੂੰ ਸਿਆਲ ਬੋਲਿਆ। "ਏਸ ਵਾਰ ਝੋਨੇ ਤੇ ਕਮਾਦ ਦੀ ਫ਼ਸਲ ਨੇ ਸਾਰੇ ਦਲਿੱਦਰ ਧੋ ਦਿੱਤੇ। ਪੂਰੇ ਇਕ ਲੱਖ ਦੀ ਫ਼ਸਲ ਹੋਈ ਐ। ਕਰਜ਼ਾ ਉਧਾਰ ਉਤਾਰ ਕੇ ਵੀਹ ਹਜ਼ਾਰ ਐਸੇ ਔਖੇ ਵੇਲੇ ਵਾਸਤੇ ਬਚਾ ਕੇ ਰੱਖਿਐ। ਪਰ ਏਸ ਸਾਲ ਤੂੰ ਵੀ ਤਾਂ ਤਿੰਨ ਚੋਰੀਆਂ ਕੀਤੀਆਂ। ਉਹ ਕਿੰਨੀਆਂ ਕੁ ਹੋਈਆਂ? ਜਿੱਥੋਂ ਤੱਕ ਮੈਨੂੰ ਪਤੈ ਘੱਟੋ ਘੱਟ ਇਕ ਲੱਖ ਦਾ ਮਾਲ ਹੋਊਗਾ। ਜਾਨੂੰ, ਸ਼ਰੀਫ਼ਾ, ਸ਼ੰਮਾ ਤੇ ਕਾਲੂ ਨਾਈ ਤਾਂ ਏਸੇ ਕੰਮ ਚੋਂ ਮੁਰੱਬਿਆਂ ਦੇ ਮਾਲਿਕ ਬਣ ਗਏ ਤੇ ਤੂੰ ਉਹੀ ਫੱਕਰ।"

"ਚਾਚਾ ਕੀ ਦੱਸਾਂ," ਕੁੰਮਾ ਹਿਰਖ ਨਾਲ਼ ਬੋਲਿਆ, "ਜਿਸ ਦਿਨ ਚੋਰੀ ਕਰਕੇ ਲਿਆਉਨਾਂ, ਦੂਜੇ ਹੀ ਦਿਨ ਅੱਧਾ ਪਿੰਡ ਉਧਾਰ ਮੰਗਣ ਆ ਜਾਂਦੈ। ਤੇ ਅੱਜ ਤਾਈਂ ਕਿਸੇ ਨੇ ਇਕ ਪਾਈ ਵੀ ਨੀ ਮੋੜੀ। ਪੁਲਸ ਤੀਜਾ ਹਿੱਸਾ ਅੱਡ ਉਗਰਾਹ ਲੈਂਦੀ ਐ। ਉਹਤੋਂ ਬਿਨਾਂ ਪੰਦਰਾਂ ਜਣੇ ਘਰ ਦੇ ਤੇ ਅੱਲਾ ਬਖ਼ਸ਼ੇ ਭਾਈ ਰਹਿਮਤ ਦਾ ਟੱਬਰ ਅੱਡ। ਬਸ ਸਮਝੋ ਏਧਰ ਆਇਆ ਤੇ ਉਧਰ ਨਿਕਲ਼ ਗਿਆ। ਖੈਰ ਚਾਚਾ, ਤੂੰ ਏਸ ਕਿੱਸੇ ਨੂੰ ਛੱਡ, ਏਸ ਦੋ ਹਜ਼ਾਰ ਚੋਂ ਇਕ ਹਜ਼ਾਰ ਮੇਰਾ ਤੇ ਬਾਕੀ ਸਭ ਤੇਰਾ। ਅੱਲ੍ਹਾ ਨੇ ਚਾਹਿਆ ਤਾਂ ਸੋਲ਼ਾਂ ਭਾਦੋਂ ਨੂੰ ਚਾਨਣ ਸ਼ਾਹ ਦਾ ਮੇਲਾ ਰੰਗ ਦੇਊਂਗਾ।

ਮੇਲਾ ਹਲੇ ਤਿੰਨਾਂ ਦਿਨਾਂ ਨੂੰ ਸੀ। ਚੱਕ ਕਾਸਿਮ ਸ਼ਾਹ ਅਤੇ ਆਲ਼ੇ-ਦੁਆਲ਼ੇ ਦੇ ਦਸ ਪੰਦਰਾ ਪਿੰਡ ਜਿਹੜੇ ਦਰਿਆ ਦੇ ਠਾੜ੍ਹ ਵਿਚ ਪੈਂਦੇ ਸੀ। ਸਾਰੇ ਮੇਲੇ ਤੋਂ ਬਿਨਾ ਸਭ ਕੁਛ ਭੁਲ ਗਏ। ਭਲਵਾਨਾਂ ਦੀਆਂ ਮਾਲਿਸ਼ਾਂ ਹੋ ਰਹੀਆਂ ਨੇ। ਕੁੱਤਿਆਂ ਤੇ ਕੁੱਕੜਾਂ ਦੀ ਸੇਵਾ ਦੁੱਗਣੀ ਹੋ ਗਈ। ਚਾਨਣ ਸ਼ਾਹ ਦੇ ਮਜ਼ਾਰ ਦੇ ਖੱਬੇ ਪਾਸੇ ਦਰਿਆ ਦੇ ਕੰਢੇ ਅਖਾੜੇ ਦੀ ਜਗ੍ਹਾ ਹਲ਼ ਵਾਹ ਕੇ ਪੋਲੀ ਕਰ ਦਿੱਤੀ ਗਈ। ਮਜ਼ਾਰ ਤੇ ਝੰਡੀਆਂ ਤੇ ਰੰਗ-ਬਿਰੰਗੀਆਂ ਚੁੰਨੀਆਂ ਲਹਿਰਾਉਣ ਲੱਗੀਆਂ। ਦੂਰ-ਦੂਰ ਦੇ ਪਿੰਡਾਂ ਦੀਆਂ ਬੀਬੀਆਂ ਮਜ਼ਾਰ 'ਤੇ ਘਿਉ ਦੇ ਚਿਰਾਗ਼ ਜਗਾਉਣ ਆਈਆਂ ਅਤੇ ਮੰਨਤਾਂ ਦਾ ਦੁੱਧ ਵੰਡਿਆ ਜਾਣ ਲੱਗਿਆ। ਮਲੰਗਾਂ ਨੇ ਬੂਟੀ ਦੇ ਰਗੜੇ ਤੇ ਹੱਕ ਅਲੀ ਦੇ ਨਾਅਰੇ ਹੋਰ ਤੇਜ਼ ਕਰ ਦਿੱਤੇ।

ਤੂਤਾਂ ਤੇ ਨਿੰਮਾਂ ਦੀ ਗੂੜ੍ਹੀ ਛਾਂ ਚ ਧਮਾਲਾਂ ਪਈਆਂ ਤਾਂ ਠਾੜ੍ਹ ਵਿਚ ਜਿਵੇਂ ਜ਼ਿੰਦਗੀ ਚਹਿਕ ਪਈ। ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਕੋਈ ਮਜ਼ਾਰ ਵੱਲ ਚੱਲ ਪਿਆ। ਮਜ਼ਾਰ ਦੇ ਨਾਲ਼ ਦੀ ਵੀਹ ਕੁ ਕਿੱਲੇ ਜ਼ਮੀਨ ਮਿਠਿਆਈ, ਜਲੇਬੀਆਂ ਤੇ ਪਕੌੜਿਆਂ ਵਾਲਿਆਂ ਦੀਆਂ ਹੱਟੀਆਂ ਨਾਲ਼ ਭਰ ਗਈ।

ਪੰਦਰਾਂ ਦੀ ਰਾਤ ਨੂੰ ਦਰਬਾਰ ਵਿਚ ਹਰ ਪਾਸੇ ਘਿਉ, ਗੈਸ ਤੇ ਤੇਲ ਦੇ ਚਿਰਾਗ਼ ਜਗ ਪਏ। ਨਕਾਲਾਂ ਅਤੇ ਭੰਡਾਂ ਦੀਆਂ ਟੋਲੀਆਂ ਨੇ ਆਪਣੇ ਅਖਾੜਿਆਂ ਵਾਸਤੇ ਅੱਡ-ਅੱਡ ਥਾਵਾਂ ਮੱਲ ਲਈਆਂ ਤੇ ਅੱਧੀ ਰਾਤ ਤਕ ਤਿਆਰੀਆਂ ਵਿਚ ਲੱਗੇ ਰਹੇ। ਚੰਦ ਦੀ ਚੌਦਵੀਂ ਦਾ ਦੁੱਧ ਵਰ੍ਹ ਰਿਹਾ ਸੀ ਤੇ ਖੁਸ਼ੀ ਦਾ ਮੇਲਾ ਸੀ ਕਿ ਸ਼ਫ਼ੀ ਕੰਬੋਅ ਨੇ ਆ ਖ਼ਬਰ ਦਿੱਤੀ: "ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੜ੍ਹ ਰਿਹਾ ਐ। ਆਪਣਾ ਆਪਣਾ ਬੰਦੋਬਸਤ ਕਰ ਲਉ।" ਇਹ ਸੁਣ ਕੇ ਅਚਾਨਕ ਲੋਕਾਂ ਵਿਚ ਬੇਚੈਨੀ ਫੈਲ ਗਈ।

ਰਫ਼ੀਕ ਜੋਹੀਆ ਘਰੋਂ ਰੇਡੀਉ ਚੁੱਕ ਲਿਆਇਆ। ਅੱਠਾਂ ਦਸਾਂ ਦਿਨਾਂ ਤੋ ਉਹ ਇਹ ਖ਼ਬਰ ਤਾਂ ਸੁਣ ਰਹੇ ਸੀ ਕਿ ਦਰਿਆ ਦਾ ਪਾਣੀ ਚੜ੍ਹਨ ਵਾਲ਼ਾ ਹੈ, ਪਰ ਉਹ ਇਹਨੂੰ ਅਫ਼ਵਾਹ ਹੀ ਸਮਝੇ। ਕਿਉਂਕਿ ਹਰ ਸਾਲ ਇਹੋ-ਜਿਹੀਆਂ ਅਫ਼ਵਾਹਾਂ ਉਡਦੀਆਂ ਰਹਿੰਦੀਆਂ ਸਨ, ਪਰ ਪਾਣੀ ਕਦੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਨਾ ਚੜ੍ਹਿਆ। ਹਾਂ, ਵੀਹ ਸਾਲ ਪਹਿਲਾਂ ਹੜ੍ਹ ਆਇਆ ਸੀ ਜੀਹਨੇ ਇਹਨਾਂ ਦਾ ਕਾਫ਼ੀ ਨੁਕਸਾਨ ਕੀਤਾ। ਫੇਰ ਉਸਤੋਂ ਬਾਅਦ ਕੋਈ ਐਹੋ ਜਿਹੀ ਮੁਸੀਬਤ ਨਹੀਂ ਆਈ।

ਰਾਤ ਦੇ ਇਕ ਵਜੇ ਸਾਰੇ ਜਣੇ ਰੇਡੀਉ ਦੁਆਲ਼ੇ ਬੈਠ ਗਏ ਅਤੇ ਖਬਰਾਂ ਵਿਚ ਹੜ੍ਹ ਬਾਰੇ ਸੁਣਨ ਵਾਸਤੇ ਤਿਆਰ ਹੋਏ, ਪਰ ਸਾਰੀਆਂ ਖ਼ਬਰਾਂ ਵਿਚ ਹੜ੍ਹ ਦਾ ਰਤਾ ਵੀ ਜ਼ਿਕਰ ਨਹੀਂ ਸੀ। ਫੇਰ ਵੀ ਬੇਚੈਨੀ ਨਾ ਗਈ। ਲੋਕ ਮੇਲਾ ਭੁੱਲ ਕੇ ਦਰਿਆ ਵੱਲ ਦੇਖਣ ਲੱਗੇ, ਏਥੋ ਤੱਕ ਕੇ ਦੂਰੋਂ ਹੀ ਪਾਣੀ ਦੀ ਅਵਾਜ਼ ਸੁਣਨ ਲੱਗੀ। ਰਾਤ ਦੇ ਕੋਈ ਤਿੰਨ ਵਜੇ ਦਰਿਆ ਨੇ ਆਪਣੇ ਪੱਤਣ ਡੁਬੋ ਲਏ ਤੇ ਫ਼ਸਲਾਂ ਨਿਗਲਣ ਲੱਗਿਆ। ਹੁਣ ਤਾਂ ਐਹੋ ਜਿਹਾ ਡਰ ਫੈਲਿਆ ਕਿ ਲੋਕਾਂ ਵਿਚ ਭਗਦੜ ਮੱਚ ਗਈ। ਕੁਝ ਕੁ ਚਿਰ ਚ ਪਾਣੀ ਜਦੋਂ ਮਜ਼ਾਰ ਦੇ ਨੇੜੇ ਆ ਗਿਆ ਤਾਂ ਦੁਕਾਨਦਾਰਾਂ ਨੇ ਛੇਤੀ-ਛੇਤੀ ਦੁਕਾਨਾਂ ਵਧਾ ਦਿੱਤੀਆਂ। ਨਕਾਲ ਤੇ ਭੰਡ ਅਖਾੜੇ ਸਮੇਟਣ ਲੱਗੇ। ਲੋਕ ਆਪਣੇ-ਆਪਣੇ ਪਿੰਡਾਂ ਵੱਲ ਭੱਜੇ, ਪਰ ਉਨ੍ਹਾਂ ਦੇ ਪਹੁੰਚਣ ਤੋਂਪਹਿਲਾਂ ਹੀ ਦਰਿਆ ਪਿੰਡਾਂ ਦੀਆਂ ਕੱਚੀਆਂ ਕੰਧਾਂ ਖਾ ਚੁੱਕਿਆ ਸੀ।

ਰਾਤ ਵੇਲੇ ਲੋਕਾਂ ਤੋਂ ਜੋ ਕੁਝ ਸਮੇਟਿਆ ਗਿਆ ਉਹਨੂੰ ਸਮੇਟਿਆ, ਤੇ ਬਾਕੀ ਸਾਰਾ ਕੁਛ ਉਥੇ ਹੀ ਛੱਡ ਕੇ ਵੱਡੇ ਬੰਨ੍ਹ ਵੱਲ ਜਾਣ ਲੱਗੇ। ਟਰਾਲੀਆਂ, ਛਕੜੇ ਅਤੇ ਗਧੀ ਰੇੜ੍ਹੀਆਂ ਜੁਤ ਗਈਆਂ। ਪਰ ਦਰਿਆ ਦੀ ਰਫ਼ਤਾਰ ਉਨ੍ਹਾਂ ਨਾਲ਼ੋਂ ਕਿਤੇ ਤੇਜ਼ ਸੀ। ਤੇਜ਼ ਸ਼ੂਕਦਾ ਹੋਇਆ ਦਰਿਆ ਕਿਸੇ ਮਸਤ ਹਾਥੀ ਵਾਂਗੂ ਚੜ੍ਹਿਆ ਆਉਂਦਾ ਸੀ। ਕੁੰਮੇ ਨੇ ਦੇਖਿਆ ਤਾਂ ਆਪਣੀਆਂ ਮੱਝਾਂ ਤੇ ਘਰ ਦੇ ਜੀਆਂ ਤੋਂ ਬਿਨਾਂ ਸਾਰੀਆਂ ਚੀਜ਼ਾਂ ਉਥੇ ਹੀ ਛੱਡ ਦਿੱਤੀਆਂ ਤੇ ਉਨ੍ਹਾਂ ਨੂੰ ਹੱਕਦਾ ਵੱਡੇ ਬੰਨ੍ਹ ਵੱਲ ਚੱਲ ਪਿਆ।

ਸਵੇਰੇ ਪੰਜ ਵਜੇ ਕੁੰਮਾਂ ਤੇ ਦਰਿਆ ਬਰਾਬਰ ਹੀ ਬੰਨ੍ਹ 'ਤੇ ਪਹੁੰਚੇ। ਬੰਨ੍ਹ 'ਤੇ ਕੁੰਮੇ ਵਾਂਗੂ ਹੋਰ ਵੀ ਸੈਂਕੜੇ ਲੋਕ ਦੂਰ ਤਕ ਕੰਢੇ 'ਤੇ ਬੈਠੇ ਹੋਏ ਸਨ। ਜਿਨ੍ਹਾਂ ਨੇ ਛੇਤੀ ਨਾਲ਼ ਠਾੜ੍ਹ ਛੱਡ ਦਿੱਤੀ ਸੀ। ਕੁੰਮੇ ਨੇ ਕੰਢੇ 'ਤੇ ਖੜ੍ਹ ਕੇ ਜਦੋਂ ਦਰਿਆ ਨੂੰ ਦੇਖਿਆ, ਤਾਂ ਉਹਨੂੰ ਏਵਂੇ ਲੱਗਿਆ ਜਿਵੇਂ ਜ਼ਮੀਨ ਵਿੱਚੋਂ ਪਾਣੀ ਦਾ ਵੱਡਾ ਅਜਗਰ ਨਿੱਕਲ਼ ਆਇਆ ਹੋਵੇ।

ਹਜ਼ਾਰਾਂ ਛੱਪੜ ਵਹੀ ਜਾ ਰਹੇ ਸਨ। ਸੈਂਕੜੇ ਬੱਕਰੀਆਂ ਤੇ ਗਾਵਾਂ-ਮੱਝਾਂ ਤਰਦੀਆਂ ਤੇ ਡੁਬਦੀਆਂ ਢਹਿਦੀਆਂ ਬੰਨ੍ਹ ਵੱਲ ਆਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਕਿ ਅਚਾਨਕ ਉਹਦੀ ਨਿਗ੍ਹਾ ਅਰਸ਼ਦ ਅਲੀ 'ਤੇ ਪਈ, ਜਿਹੜਾ ਆਪਣੇ ਦੋ ਨਿਆਣਿਆਂ ਤੇ ਘਰਵਾਲ਼ੀ ਨੂੰ ਮੁਸ਼ਕਿਲ ਨਾਲ਼ ਸੰਭਾਲ਼ਦਾ, ਹਫਦਾ ਹੋਇਆ ਬੰਨ੍ਹ ਵੱਲ ਨੂੰ ਆ ਰਿਹਾ ਸੀ। ਕੁੰਮੇ ਨੇ ਜਿਵੇਂ ਹੀ ਦੇਖਿਆ ਛਾਲ਼ ਮਾਰ ਕੇ ਚੀਤੇ ਦੀ ਫੁਰਤੀ ਨਾਲ਼ ਇਰਸ਼ਾਦ ਅਲੀ ਕੋਲ਼ ਪਹੁੰਚ ਗਿਆ ਤੇ ਦੋਨੇ ਨਿਆਣੇ ਬੋਚ ਕੇ ਬੰਨ੍ਹ ਵੱਲ ਵਧਿਆ। ਇਰਸ਼ਾਦ ਅਲੀ ਦੀ ਜਾਨ ਵਿਚ ਜਾਨ ਆਈ। ਪਰ ਹੁਣ ਕੁੰਮੇ ਨੂੰ ਚੈਨ ਕਿੱਥੇ। ਏਧਰੋਂ ਓਧਰੋਂ ਡੁੱਬਣ ਵਾਲ਼ਿਆਂ ਨੇ ਬੁਲਾਉਣਾ ਸ਼ੁਰੂ ਕਰ ਦਿੱਤਾ। ਉਹਨੇ ਦਰਿਆ ਤੋਂ ਬੰਨ੍ਹ ਤੱਕ ਤੇ ਬੰਨ ਤੋਂ ਦਰਿਆ ਤੱਕ ਕਈ ਚੱਕਰ ਲਾ ਦਿੱਤੇ। ਕਿੰਨਿਆਂ ਨੂੰ ਖਿੱਚ-ਖਿੱਚ ਕੇ ਬਾਹਰ ਲਿਆਇਆ। ਮੌਲਵੀ ਸਿਰਾਜਦੀਨ, ਚੌਧਰੀ ਨੂਰਦੀਨ, ਫ਼ੈਜ਼ ਚੌਧਰੀ, ਖ਼ਾਨ ਸਿਆਲ਼ ਤੇ ਸੈਂਕੜੇ ਪਿੰਡ ਵਾਲ਼ੇ ਬੰਨ੍ਹ 'ਤੇ ਬੈਠੇ, ਲਾਚਾਰੀ ਦੀ ਹਾਲਤ 'ਚ, ਮੱਕੀ, ਕਣਕ ਤੇ ਬਾਜਰੇ ਦੀਆਂ ਪੰਡਾਂ ਨੂੰ ਪਾਣੀ ਚ ਵਹਿੰਦਿਆਂ ਦੇਖਦੇ ਰਹੇ। ਹੁਣ ਦਰਿਆ ਦਾ ਪਾਣੀ ਇੰਨਾ ਵਧ ਗਿਆ ਸੀ ਕਿ ਬੰਨ੍ਹ ਦੀ ਅਖੀਰਲੀ ਹੱਦ ਨੂੰ ਛੋਹਣ ਲੱਗਿਆ। ਵੱਡੇ-ਵੱਡੇ ਦਰੱਖ਼ਤਾਂ ਦੀਆ ਟੀਸੀਆਂ ਡੁੱਬਣ ਤੋਂ ਬਚ ਗਈਆਂ, ਜਿਹੜੀ ਪੰਛੀਆਂ ਨਾਲ਼ ਢਕੀਆਂ ਪਈਆਂ ਸਨ। ਦਰਿਆ ਨੇ ਕਈ ਦਰਖ਼ਤ ਵੀ ਜੜ੍ਹੋਂ ਪੁੱਟ ਦਿੱਤੇ। ਹਜ਼ਾਰਾਂ ਡੰਗਰ ਡੁੱਬ ਗਏ, ਜਿਨ੍ਹਾਂ ਨੂੰ ਪਾਣੀ ਵਹਾ ਕੇ ਲੈ ਗਿਆ ਸੀ। ਇੱਕਾ-ਦੁੱਕਾ ਇਨਸਾਨਾਂ ਦੀਆਂ ਵੀ ਲਾਸ਼ਾਂ ਤੈਰਦੀਆਂ ਨਜ਼ਰ ਆਈਆਂ, ਤੇ ਦਰਿਆ ਦਾ ਪੱਤਣ ਮੀਲਾਂ ਤੱਕ ਫੈਲ ਗਿਆ। ਐਸੀ ਹਾਲਤ ਵਿਚ ਕੁੰਮੇ ਨੇ ਦੁਪਹਿਰ ਢਲਣ ਤੱਕ ਆਪਣੀ ਡੁੱਬੀ ਹੋਈ ਬਸਤੀ ਤੋਂ ਬੰਨ੍ਹ ਤੱਕ ਰੱਬ ਜਾਣੇ ਕਿੰਨੇ ਚੱਕਰ ਲਾਏ ਤੇ ਥੱਕ ਕੇ ਨਿਢਾਲ਼ ਹੋ ਗਿਆ। ਇਸਦੇ ਬਾਵਜੂਦ ਹਰ ਕਿਸੇ ਦੀ ਨਿਗ੍ਹਾ ਮਦਦ ਵਾਸਤੇ ਉਹਦੇ ਵੱਲ ਪੈਂਦੀ ਤੇ ਉਹ ਹਰ ਚੱਕਰ ਚ ਬੰਨ੍ਹ ਤੇ ਪਹੁੰਚ ਕੇ ਫਖਰ ਨਾਲ਼ ਲੋਕਾਂ ਤੇ ਨਿਗ੍ਹਾ ਮਾਰਦਾ ਜਿਵੇਂ ਕਹਿ ਰਿਹਾ ਹੋਵੇ: "ਦੇਖਿਆ! ਮੈਂ ਜੋ ਥੋਨੂੰ ਆਪਣੇ ਕਾਰਨਾਮੇ ਗਿਣਵਾਉਂਦਾ ਸੀ ਹੁਣ ਤਾਂ ਉਨ੍ਹਾਂ 'ਤੇ ਯਕੀਨ ਆ ਗਿਆ ਕਿ ਨਹੀਂ? ਮੈਥੋਂ ਬਿਨਾਂ ਅੱਜ ਕੌਣ ਹੈ ਦਰਿਆ ਨਾਲ਼ ਦੋ ਹੱਥ ਕਰਨ ਵਾਲ਼ਾ? ਐਸੀ ਨਜ਼ਰ ਮਾਰ ਕੇ ਫੇਰ ਬਿਫਰੇ ਹੋਏ ਪਾਣੀ ਵਿਚ ਛਾਲ਼ ਮਾਰ ਦਿੰਦਾ। ਪਰ ਬੰਦਾ ਆਖ਼ਿਰ ਬੰਦਾ ਹੈ, ਦੁਪਹਿਰ ਤਕ ਥੱਕ ਕੇ ਨਿਢਾਲ਼ ਹੋ ਗਿਆ। ਘਰਵਾਲ਼ੀ ਨੇ ਇਹ ਹਾਲਤ ਦੇਖੀ ਤਾਂ ਰੋਣ ਲੱਗੀ ਕਿ ਹੁਣ ਨਾ ਕੁੱਦੀਂ। ਹੌਲ਼ੀ-ਹੌਲ਼ੀ ਉਹਦਾ ਆਪਣਾ ਜੋਸ਼ ਵੀ ਕਾਫ਼ੀ ਠੰਢਾ ਪੈ ਗਿਆ। ਪਰ ਇਹ ਸੋਚ ਕੇ ਲੋਕ ਉਹਨੂੰ ਨਾਮਰਦ ਦਾ ਤਾਅਨਾ ਦੇਣਗੇ, ਦੁਬਾਰਾ ਪਾਣੀ ਵਿਚ ਕੁੱਦ ਜਾਂਦਾ। ਕਰਦਿਆਂ ਕਰਦਿਆਂ ਆਥਣ ਹੋ ਗਿਆ। ਫੇਰ ਅਚਾਨਕ ਇਹ ਦੇਖ ਕੇ ਉਹਦੀ ਜਾਨ ਚ ਜਾਨ ਆਈ ਕਿ ਲੋਕਾਂ ਦੀ ਮਦਦ ਵਾਸਤੇ ਪਾਕਿਸਤਾਨ ਫ਼ੌਜ ਦਰਿਆ ਚ ਉਤਰ ਆਈ ਹੈ। ਹੁਣ ਉਹਨੇ ਜਲਦੀ ਨਾਲ਼ ਆਪਣੇ ਕਬੀਲੇ ਨੂੰ ਨਾਲ਼ ਲਿਆ ਤੇ ਚੱਕ ਜਿੰਦੇ ਕਾ ਵਿਚ ਫ਼ੌਜ ਦੇ ਲਾਏ ਹੋਏ ਤੰਬੂਆਂ ਵਿਚੋਂ ਇਕ ਤੰਬੂ ਵਿਚ ਜਾ ਬੈਠਿਆ। ਫੇਰ ਐਹੋ-ਜਿਹਾ ਸੁੱਤਾ ਕਿ ਅਗਲੇ ਦਿਨ ਦੁਪਹਿਰ ਨੂੰ ਅੱਖ ਖੁੱਲ੍ਹੀ। ਉਹ ਛੇਤੀ ਦੇਣੇ ਉਠਿਆ ਤੇ ਬੰਨ੍ਹ ਵੱਲ ਭੱਜਿਆ।

ਦੇਖਿਆ ਤਾਂ ਹਰ ਪਾਸੇ ਸਕੂਨ ਸੀ। ਰਾਤ ਨੂੰ ਹਰ ਚੀਜ਼ ਜਾਂ ਤਾਂ ਡੁੱਬ ਗਈ ਸੀ ਜਾ ਵਹਿ ਚੁੱਕੀ ਸੀ। ਜਿੱਧਰ ਵੀ ਨਿਗ੍ਹਾ ਜਾਂਦੀ ਪਾਣੀ ਤੋਂ ਬਿਨਾਂ ਕੁਝ ਨਾ ਦਿਸਦਾ। ਹਾਂ, ਪਰ ਪਾਣੀ ਤੇ ਉਡਦੇ ਛੋਟੇ-ਛੋਟੇ ਪਰਿੰਦੇ ਜ਼ਰੂਰ ਕਲਾਬਾਜ਼ੀਆਂ ਲਾ ਰਹੇ ਸਨ, ਜਿਵੇਂ ਠਾੜ੍ਹ ਦੀ ਬਰਬਾਦੀ ਤੇ ਖੁਸ਼ੀਆਂ ਮਨਾਉਂਦੇ ਹੋਣ। ਉਨ੍ਹਾਂ ਨੂੰ ਦੇਖ ਕੇ ਜ਼ਿੰਦਗੀ ਵਿਚ ਪਹਿਲੀ ਵਾਰ ਉਹਦੇ ਹੰਝੂ ਵਗ ਪਏ। ਉਹ ਆਥਣ ਤਕ ਬੰਨ੍ਹ 'ਤੇ ਖੜ੍ਹਿਆ ਰਿਹਾ। ਅੱਜ ਉਹ ਐਨਾ ਬੁਝਿਆ ਹੋਇਆ ਸੀ ਕਿ ਕੁਝ ਵੀ ਹੋ ਜਾਂਦਾ ਪਾਣੀ ਵਿਚ ਨਾ ਵੜਦਾ। ਸੂਰਜ ਡੁੱਬਣ ਲੱਗਿਆ, ਤਾਂ ਕੁੰਮੇ ਨੂੰ ਮਹਿਸੂਸ ਹੋਇਆ ਕਿ ਉਹਨੂੰ ਤੇਜ਼ ਭੁੱਖ ਲੱਗੀ ਹੈ। ਫੇਰ ਉਹਨੂੰ ਯਾਦ ਆਇਆ ਕਿ ਉਹਨੇ ਪਰਸੋਂ ਸ਼ਾਮ ਤੋਂ ਕੁਝ ਨਹੀਂ ਖਾਧਾ। ਉਹ ਆਪਣੇ ਤੰਬੂ ਵੱਲ ਮੁੜ ਗਿਆ। ਉਸ ਤੋਂ ਬਾਅਦ ਤਾ ਏਹ ਉਹਦਾ ਰੋਜ਼ ਦਾ ਕੰਮ ਬਣ ਗਿਆ। ਰੋਜ਼ਾਨਾ ਸਵੇਰੇ ਆ ਕੇ ਬੰਨ੍ਹ 'ਤੇ ਬੈਠ ਜਾਂਦਾ ਤੇ ਮੀਲਾਂ ਬੱਧੀ ਫੈਲੇ ਹੋਏ ਦਰਿਆ ਦੇ ਪੱਤਣ ਨੂੰ ਵੇਖਦਾ ਰਹਿੰਦਾ, ਫਿਰ ਸ਼ਾਮ ਤੋਂ ਬਾਅਦ ਤੰਬੂ ਵੱਲ ਮੁੜ ਜਾਂਦਾ। ਸੱਤਵੇਂ ਦਿਨ ਉਹਨੇ ਦੇਖਿਆ, ਕਿ ਪਾਣੀ ਆਪਣੇ ਪੱਧਰ ਤੋਂਥੱਲੇ ਉੱਤਰ ਰਿਹਾ ਹੈ। ਪਹਿਲੇ ਦੋ ਦਿਨ ਤਾਂ ਹੌਲ਼ੀ-ਹੌਲ਼ੀ, ਫੇਰ ਉਸ ਤੋਂ ਬਾਅਦ ਤੇਜ਼ੀ ਨਾਲ਼ ਹੇਠਾਂ ਲੱਥਣ ਲੱਗਿਆ, ਤੇ ਹਰ ਦਿਨ ਕੋਈ ਦੋ ਫ਼ੁੱਟ ਹੇਠਾਂ ਚਲਿਆ ਜਾਂਦਾ। ਵੀਹ-ਕੁ ਦਿਨਾਂ ਦੇ ਵਿਚ ਵਿਚ ਦਰਿਆ ਦਾ ਪਾਣੀ ਆਪਣੇ ਪਹਿਲੇ ਕੰਢਿਆਂ ਤੱਕ ਆ ਗਿਆ, ਪਰ ਜ਼ਮੀਨ ਵਿਚ ਨਮੀ ਤੇ ਚਿੱਕੜ ਐਨਾ ਜਿਆਦਾ ਸੀ ਕਿ ਲੋਕਾਂ ਦਾ ਆਬਾਦ ਹੋਣਾ ਅਸੰਭਵ(ਨਾਮੁਮਕਿਨ) ਸੀ। ਥਾਂ-ਥਾਂ 'ਤੇ ਛੱਪੜ ਬਣ ਗਏ ਸਨ। ਏਧਰ ਓਧਰ ਮਰੇ ਪਸ਼ੂਆਂ ਦੀਆ ਹੱਡੀਆਂ ਖਿੱਲਰੀਆਂ ਪਈਆਂ ਸਨ। ਜਿਨ੍ਹਾਂ ਨੂੰ ਸਾਰਾ ਸਾਰਾ ਦਿਨ ਗਿਰਝਾਂ ਅਤੇ ਕਾਂ ਨੋਚਦੇ ਰਹਿੰਦੇ। ਸੈਂਕੜੇ ਦਰੱਖ਼ਤ ਜ਼ਮੀਨ 'ਤੇ ਡਿੱਗੇ ਹੋਏ ਸੀ, ਜਿਨ੍ਹਾਂ ਵਿਚ ਕੂੜਾ ਕਰਕਟ ਫਸਿਆ ਹੋਇਆ ਸੀ। ਏਸੇ ਹਾਲਤ ਵਿਚ ਹੜ੍ਹ ਤੋਂ ਬਾਅਦ ਚਾਰ ਮਹੀਨੇ ਬੀਤ ਗਏ। ਹੁਣ ਲੋਕ ਵੀ ਤੰਬੂਆਂ ਦੀ ਜ਼ਿੰਦਗੀ ਤੋਂ ਤੰਗ ਆ ਚੁੱਕੇ ਸੀ। ਉਹ ਚਾਹੁੰਦੇ ਸੀ ਕਿ ਛੇਤੀ-ਛੇਤੀ ਆਪਣੀ ਠਾੜ੍ਹ ਵਿਚ ਜਾ ਵਸਣ, ਪਰ ਜਿੱਧਰ ਵੇਖਦੇ, ਟੋਇਆਂ ਚ ਖੜੇ ਪਾਣੀ ਚੋਂ ਮੁਸ਼ਕ ਉੱਠ ਰਿਹਾ ਸੀ। ਹਰ ਪਾਸੇ ਤਰਾਂ ਤਰਾਂ ਦੀਆਂ ਝਾੜੀਆਂ ਉੱਗ ਆਈਆਂ। ਜਿਨ੍ਹਾਂ ਦੀ ਓਟ ਚ ਹਜ਼ਾਰਾਂ ਜੀਅ-ਜੰਤ ਜੰਮ ਪਏ। ਕੀੜਿਆਂ-ਮਕੌੜਿਆਂ ਤੇ ਸੱਪਾਂ ਦੀ ਬਹੁਤਾਤ ਹੋ ਗਈ। ਐਹੋ ਜਿਹੀ ਹਾਲਤ ਵਿਚ ਤੰਬੂਆਂ ਚੋਂ ਨਿਕਲਣ ਵਾਲ਼ਾ ਪਹਿਲਾ ਬੰਦਾ ਕੁੰਮਾ ਸੀ, ਜੋ ਆਪਣੀ ਬਸਤੀ ਵਾਸਤੇ ਬੇਚੈਨ ਸੀ। ਉਸ ਤੋ ਬਾਅਦ ਲੋਕਾਂ ਦਾ ਤਾਂਤਾ ਲੱਗ ਗਿਆ।

ਕੁੰਮੇ ਨੇ ਜਿਵੇਂ ਹੀ ਆਪਣੇ ਦਰਿਆ ਹੜ੍ਹੇ ਘਰ ਵਿਚ ਪੈਰ ਰੱਖਿਆ, ਉਹਦੇ ਸਰੀਰ ਵਿਚ ਬਿਜਲੀ-ਜਿਹੀ ਲੰਘ ਗਈ। ਸਾਰੇ ਘਰ ਵਾਲ਼ਿਆਂ ਨੂੰ ਲਿਆ ਕੇ, ਚਿੱਕੜ ਅਤੇ ਮਿੱਟੀ ਗਾਰੇ ਨਾਲ਼ ਕੰਧ ਖੜ੍ਹੀ ਕਰਨੀ ਸ਼ੁਰੂ ਕੀਤੀ। ਉਹਨੂੰ ਵੇਖ ਕੇ ਸਾਰਾ ਪਿੰਡ ਹੌਸਲੇ ਚ ਆ ਗਿਆ, ਏਥੋਂ ਤਕ ਕੇ ਦੋ ਮਹੀਨਿਆ ਵਿਚ ਬਸਤੀ ਦੁਬਾਰਾ ਵਸ ਗਈ। ਹੌਲ਼ੀ ਹੌਲ਼ੀ ਜ਼ਮੀਨ ਚੋਂ ਮੁਸ਼ਕ ਅਤੇ ਗੰਦਗੀ ਸਾਫ ਹੋਣ ਲੱਗੀ। ਲੋਕਾਂ ਨੇ ਮੁਰਦਾ ਹੱਡੀਆਂ ਅਤੇ ਇੰਜਰ ਪਿੰਜਰ ਦਫ਼ਨ ਕਰ ਦਿੱਤੇ। ਆਪਣੀਆ ਆਪਣੀਆ ਜ਼ਮੀਨਾਂ ਦੀ ਦੁਬਾਰਾ ਹੱਦਬੰਦੀਆਂ ਕੀਤੀ ਗਈਆਂ ਅਤੇ ਛੇ ਮਹੀਨਿਆਂ ਦੇ ਅੰਦਰ ਹੀ ਦੁਬਾਰਾ ਹਲ ਚੱਲਣ ਲੱਗ ਪਏ। ਬਸਤੀ ਦੇ ਬਹੁਤ ਸਾਰੇ ਦਰੱਖ਼ਤ ਉੱਖੜ ਗਏ ਸਨ। ਲੋਕਾਂ ਨੇ ਛਾਂ ਵਾਸਤੇ ਆਪਣੇ ਆਪਣੇ ਘਰਾਂ ਵਿਚ ਦੁਬਾਰਾ ਬੂਟੇ ਲਾਏ। ਕੁੰਮੇ ਦੇ ਘਰ ਵਿਚ ਵੀ ਤਿੰਨ ਕਿੱਕਰਾਂ ਅਤੇ ਇਕ ਬੇਰੀ ਦਾ ਦਰੱਖ਼ਤ ਸੀ, ਜਿਨ੍ਹਾਂ 'ਤੇ ਸਾਰਾ ਦਿਨ ਕਾਂ ਤੇ ਚਿੜੀਆਂ ਰੌਲ਼ਾ ਪਾਉਂਦੀਆਂ। ਉਨ੍ਹਾਂ ਦੀ ਆਵਾਜ਼ ਕੰਨਾਂ ਵਿਚ ਇਕ ਤਰਾਂ ਦਾ ਰਸ ਘੋਲਦੀਆਂ ਸਨ। ਹੜ੍ਹ ਉਹਨਾਂ ਦਰੱਖ਼ਤਾਂ ਨੂੰ ਵੀ ਵਹਾ ਕੇ ਲੈ ਗਿਆ, ਇਸ ਕਰਕੇ ਕੁੰਮੇ ਨੇ ਵੀ ਬੰਨ੍ਹ ਪਾਰੋਂ (ਉਤਾੜ੍ਹ ਚੋਂ) ਬੇਰੀ ਦਾ ਇਕ ਬੂਟਾ ਲਿਆ ਕੇ ਘਰ ਚ ਲਾ ਦਿੱਤਾ, ਜੋ ਦਰਿਆ ਦੀ ਉਪਜਾਊ/ਜ਼ਰਖ਼ੇਜ਼ ਜ਼ਮੀਨ ਚ ਚੰਗਾ ਵਧਣ ਲੱਗਿਆ। ਦਿਨ ਲੰਘਣ ਲੱਗੇ। ਏਥੋਂ ਤਕ ਕਿ ਤਿੰਨ ਸਾਲਾਂ ਬਾਅਦ ਤਾਂ ਇਵੇਂ ਹੋ ਗਿਆ, ਜਿਵੇਂ ਕਦੇ ਹੜ੍ਹ ਆਇਆ ਹੀ ਨਹੀਂ ਸੀ। ਕੁੰਮੇ ਨੇ ਵੀ ਦੁਬਾਰਾ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ।

ਹੁਣ ਦਰਿਆ ਦੇ ਪਾਰ ਅੱਠ ਕਿਲੋਮੀਟਰ ਵਿਚ ਫੈਲਿਆ ਨੜੇ ਦਾ ਜੰਗਲ ਪਹਿਲਾ ਨਾਲ਼ੋਂ ਜ਼ਿਆਦਾ ਖ਼ਤਰਨਾਕ ਤੇ ਸੰਘਣਾ ਹੋ ਗਿਆ ਸੀ। ਜੰਗਲ਼ ਚ ਪਾਣੀ ਜੋ ਕਦੇ ਗਿੱਟਿਆਂ ਤੱਕ ਹੁੰਦਾ ਸੀ, ਹੁਣ ਗੋਡਿਆਂ ਤੱਕ ਹੋ ਗਿਆ ਸੀ। ਠੂੰਹੇ, ਸੱਪ, ਨਿਉਲ਼ੇ ਤੇ ਪਤਾ ਨਹੀਂ ਕਿਹੜੇ-ਕਿਹੜੇ ਜਾਨਵਰ ਫਿਰਦੇ ਰਹਿੰਦੇ। ਕਈ ਅਜਗਰ ਵਲੇਵੇ ਖਾਂਦੇ ਫਿਰਦੇ, ਗਿੱਦੜਾਂ ਤੇ ਸੂਰਾਂ ਦੀ ਘੁਰ-ਘੁਰ, ਉੱਲੂਆਂ ਤੇ ਚਮਗਾਦੜਾਂ ਦਾ ਰੌਲ਼ਾ ਕੰਨਾਂ ਦੀ ਸੁਣਨ ਸ਼ਕਤੀ ਖੋਹ ਲੈਂਦਾ। ਐਹੋ ਜਿਹੀ ਖੌਫ਼ਨਾਕ ਹਾਲਤ ਵਿਚ ਬੰਦਾ ਰਾਤ ਨੂੰ ਤਾਂ ਕੀ ਦਿਨੇ ਵੀ ਉਥੋਂ ਨਹੀਂ ਲੰਘਦਾ ਸੀ। ਪਰ ਕੁੰਮੇ ਵਾਸਤੇ ਇਹ ਕੋਈ ਅਜੀਬ ਗੱਲ ਨਹੀਂ ਸੀ। ਉਹਨੇ ਜੰਗਲ ਵਿਚ ਕਈ ਜਗਾ੍ਹਵਾਂ ਆਪਣੇ ਠਿਕਾਣੇ ਵਾਸਤੇ ਬਣਾ ਕੇ ਰੱਖੀਆਂ ਸਨ। ਬਾਲ ਵਰੇਸ ਤੋਂ ਹੀ ਉਹ ਜੰਗਲ ਦੀ ਊਚ ਨੀਚ ਦਾ ਜਾਣਕਾਰ ਸੀ। ਉਹ ਜਾਣਦਾ ਸੀ ਕਿ ਕਿਹੜੀ ਜਗ੍ਹਾ ਜ਼ਿਆਦਾ ਖਤਰਨਾਕ ਹੈ ਅਤੇ ਕਿਹੜੀ ਘੱਟ; ਜੇ ਕਿਸੇ ਬਲਾਅ ਨਾਲ਼ ਵਾਸਤਾ ਪੈ ਜਾਵੇ, ਤਾਂ ਕਿਵੇਂ ਬਚਾਅ ਕਰਨਾ ਹੈ। ਉਹ ਆਪਣੇ ਕੋਲ ਅੱਗ ਦਾ ਬੰਦੋਬਸਤ ਜ਼ਰੂਰ ਰਖਦਾ। ਉਹਨੂੰ ਅੱਗ ਨੇ ਕਈ ਵਾਰ ਖ਼ਤਰਨਾਕ ਹਾਲਤਾਂ ਚੋਂ ਕੱਢਿਆ ਸੀ।

ਦਿਨ ਢਲਣ ਤੋ ਪਹਿਲਾਂ ਹੀ ਕੁੰਮਾ ਦਰਿਆ ਪਾਰ ਕਰਕੇ ਨੜੇ ਦੇ ਜੰਗਲ਼ ਵਿਚ ਆ ਜਾਂਦਾ ਅਤੇ ਵਿਚੇ ਵਿਚ ਦੀ ਅੱਠ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਕੇ ਹਿੰਦੋਸਤਾਨ ਦੀ ਸਰਹੱਦ 'ਤੇ ਪਹੁੰਚ ਜਾਂਦਾ। ਰਾਤ ਦੇ ਪਿਛਲੇ ਪਹਿਰ ਬਾਡਰ ਪਾਰ ਕਰਕੇ ਗਾਂ, ਮੱਝ, ਬਲਦ ਜਾਂ ਭੇਡਾਂ-ਬੱਕਰੀਆਂ ਜੋ ਵੀ ਹੱਥ ਲਗਦਾ ਹੱਕ ਕੇ ਨੜੇ ਦੇ ਇਸ ਜੰਗਲ ਤੋਂ ਹੁੰਦਾ ਹੋਇਆ ਦਰਿਆ 'ਤੇ ਆਉਂਦਾ ਅਤੇ ਸਵੇਰੇ ਦਸ ਵਜੇ ਤੋਂ ਪਹਿਲਾਂ ਆਪਣੇ ਪਿੰਡ ਪਹੁੰਚ ਜਾਂਦਾ। ਕੁੰਮਾ ਹਰ ਚੋਰੀ ਵਿਚ ਘੱਟੋ-ਘੱਟ ਦੋ ਮਹੀਨਿਆਂ ਦੀ ਵਿੱਥ ਜ਼ਰੂਰ ਰਖਦਾ। ਹਿੰਦੋਸਤਾਨੀ ਰੇਂਜਰਾਂ ਨੇ ਕਈ ਵਾਰ ਪਾਕਿਸਤਾਨੀ ਰੇਂਜਰਾਂ ਨੂੰ ਸ਼ਿਕਾਇਤ ਵੀ ਕੀਤੀ, ਪਰ ਨੜੇ ਦਾ ਜੰਗਲ ਦੋਹਵਾਂ ਵਾਸਤੇ ਮੁਸੀਬਤ ਸੀ, ਜਦ ਕਿ ਕੁੰਮੇ ਵਾਸਤੇ ਓਹੀ ਜੰਗਲ ਵਰਦਾਨ/ਨਿਆਮਤ ਸੀ। ਹੜ੍ਹ ਨੂੰ ਦਸ ਸਾਲ ਲੰਘ ਗਏ। ਇਸ ਦੌਰਾਨ ਕੁੰਮੇ ਨੇ ਰੱਬ ਜਾਣੇ ਕਿੰਨੇ ਲੰਮੇ ਹੱਥ ਮਾਰੇ। ਉਹਨੇ ਆਪਣੇ ਪਿੰਡ ਡੰਗਰਾਂ ਨਾਲ਼ ਭਰ ਦਿੱਤੇ। ਹੜ੍ਹ ਚ ਤਬਾਹ ਹੋਏ ਕਈ ਲੋਕਾਂ ਨੇ ਚੁੱਲ੍ਹੇ ਮੁਫ਼ਤ ਮਚਾਏ। ਬਹੁਤ ਸਾਰੇ ਲੋਕਾਂ ਨੂੰ ਸਸਤੇ ਭਾਅ ਵੇਚਦਾ ਰਿਹਾ।

ਪਹਿਲੋ ਪਹਿਲ ਤਾਂ ਪਾਕਿਸਤਾਨੀ ਰੇਂਜਰ ਉਹਨੂੰ ਅੱਖੋਂ ਪਰੋਖੇ ਕਰਦੇ ਰਹੇ। ਪਰ ਹੁਣ ਮਾਮਲਾ ਜ਼ਿਆਦਾ ਵਿਗੜ ਗਿਆ ਸੀ, ਕਿਉਂਕਿ ਹਿੰਦੋਸਤਾਨੀ ਰੇਂਜਰਾਂ ਦਾ ਦਬਾਅ ਲਗਾਤਾਰ ਵਧ ਰਿਹਾ ਸੀ। ਇਸ ਕਰਕੇ ਪਾਕਿਸਤਾਨੀ ਰੇਂਜਰਾਂ ਨੇ ਗੰਭੀਰਤਾ ਨਾਲ਼ ਚੋਰਾਂ ਨੂੰ ਫੜਣ ਬਾਰੇ ਸੋਚਿਆ। ਦਰਿਆ ਸਮੇਤ ਨੇੜੇ ਦੇ ਜੰਗਲ ਦੀ ਖ਼ੁਫ਼ੀਆ ਨਾਕਾਬੰਦੀ ਕਰ ਦਿੱਤੀ ਗਈ। ਜਗ੍ਹਾ ਜਗ੍ਹਾ ਛਾਪੇ ਮਾਰੇ ਗਏ ਜੀਹਦੇ ਵਿਚ ਪਹਿਲੇ ਮਹੀਨੇ ਹੀ ਸ਼ੰਮਾ ਅਤੇ ਕਾਲੂ ਫੜੇ ਗਏ, ਪਰ ਕੁੰਮਾ ਹੱਥ ਨਾ ਆਇਆ। ਉਹਦੀ ਖ਼ਾਸ ਵਜ੍ਹਾ ਇਹ ਸੀ ਕਿ ਉਹ ਚੋਰੀ ਕਰਨ ਤੋਂ ਪਹਿਲਾਂ ਪੂਰੇ ਇਲਾਕੇ ਦੀ ਜਾਸੂਸੀ ਕਰਦਾ, ਤਾਂ ਕਿ ਹਾਲਾਤ ਜਾਣ ਸਕੇ। ਉਹਨੇ ਆਪਣੇ ਪਿਓ ਦੇ ਨਾਲ਼ ਕੰਮ ਕਰਦਿਆਂ ਚੰਗਾ ਤਜਰਬਾ ਹਾਸਿਲ ਕੀਤਾ ਹੋਇਆ ਸੀ। ਉਹ ਜਾਣਦਾ ਸੀ ਕਿ ਉਹਨੇ ਕਿਸ ਤਰਾਂ ਨਾਲ਼ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨਾ ਹੈ। ਉਹਦੇ ਪਿਓ ਨੇ ਉਹਨੂੰ ਬਹੁਤ ਸਾਰੇ ਗੁਰ ਸਿਖਾਏ ਸੀ, ਇਸ ਕਰਕੇ ਇਸ ਸਾਲ ਉਹਨੇ ਸਿਰਫ ਦੋ ਸਫਲ/ਕਾਮਯਾਬ ਚੋਰੀਆਂ ਕੀਤੀਆਂ।

ਦੂਸਰੀ ਚੋਰੀ ਉਹਨੇ ਦਿਸੰਬਰ ਦੀ ਅਤਿਅੰਤ ਠੰਢੀ ਰਾਤ ਨੂੰ ਕੀਤੀ, ਜਿਸ ਵਿਚ ਉਹ ਪੂਰੀਆ ਗਿਆਰਾਂ ਮੱਝਾਂ ਹਿੰਦੋਸਤਾਨੀ ਇਲਾਕੇ ਵਿਚ ਤਿੰਨ ਕਿਲੋਮੀਟਰ ਅੰਦਰ ਜਾ ਕੇ ਲੈ ਆਇਆ ਸੀ। ਇਹ ਚੋਰੀ ਐਹੋ ਜਿਹੀ ਨਹੀਂ ਸੀ ਕਿ ਜਿਹਨੂੰ ਅਣਦੇਖਿਆਂ ਕਰ ਦਿੱਤਾ ਜਾਂਦਾ। ਦੋਨਾਂ ਪਾਸਿਆ ਦੇ ਰਂੇਜਰਾਂ ਚ ਭੁਚਾਲ ਜਿਹਾ ਆ ਗਿਆ, ਅਤੇ ਵੱਡੇ ਅਫ਼ਸਰਾਂ ਨੇ ਕਾਫ਼ੀ ਝਾੜ-ਝੰਬ ਕੀਤੀ। ਇਨ੍ਹਾਂ ਹਾਲਤਾਂ ਚ ਰੇਜਰਾਂ ਨੇ ਆਪਣੀ ਸਰਗਰਮੀ ਹੋਰ ਸਖ਼ਤ ਤੇ ਤੇਜ਼ ਕਰ ਦਿੱਤੀ। ਪਰ ਮੁਸੀਬਤ ਇਹ ਸੀ ਕਿ ਮਾਲ ਜੰਗਲ ਚੋਂ ਹੋ ਕੇ ਨਿਕਲ਼ਦਾ ਸੀ। ਫੇਰ ਵੀ ਰੇਜਰਾਂ ਨਾ ਇਹ ਤੈਅ ਕਰ ਲਿਆ, ਚਾਹੇ ਕੁਝ ਵੀ ਹੋਵੇ ਹੁਣ ਚੋਰ ਜ਼ਰੂਰ ਫੜਨਾ ਹੈ। ਮੁਖ਼ਬਰ ਤਿਆਰ ਕੀਤੇ ਗਏ ਅਤੇ ਸਾਰਾ ਬੰਦੋਬਸਤ ਬਹੁਤ ਹੀ ਖ਼ੁਫ਼ੀਆ ਤਰੀਕੇ ਨਾਲ਼ ਕੀਤਾ ਗਿਆ।

***

15 ਫਰਵਰੀ ਦੀ ਸ਼ਾਮ ਨੂੰ ਕੁੰਮਾ ਦਰਿਆ ਤੇ ਪਹੁੰਚਿਆ ਤਾਂ ਉਹਨੂੰ ਇਰਸ਼ਾਦ ਅਲੀ ਸਾਹਮਣਿਓਂ ਆਉਂਦਾ ਦਿਸਿਆ। ਕੁੰਮੇ ਦੇ ਹੱਥ ਵਿਚ ਛਵੀ ਦੇਖ ਕੇ ਇਰਸ਼ਾਦ ਮੁਸਕਰਾਇਆ ਅਤੇ ਦੂਰੋਂ ਹੀ ਹੱਥ ਹਿਲਾ ਕੇ ਪਿੰਡ ਵੱਲ ਮੁੜ ਗਿਆ। ਕੁੰਮੇ ਨੇ ਸੋਚਿਆ, ਇਰਸ਼ਾਦ ਕਿੰਨਾ ਹਰਾਮੀ ਹੈ, ਮੇਰੀਆਂ ਦੋ ਮੱਝਾਂ ਦੇ ਪੈਸੇ ਖਾ ਗਿਆ, ਛੇ ਮਹੀਨੇ ਹੋ ਗਏ, ਇਕ ਟਕਾ ਨਹੀਂ ਦਿੱਤਾ, ਹੁਣ ਨੇੜੇ ਆ ਕੇ ਸਲਾਮ ਕਹਿਣ ਤੋਂ ਵੀ ਗਿਆ। ਉਹਨੇ ਸੋਚਿਆ, ਹੁਣ ਮੈ ਸਾਰਾ ਮਾਲ ਮੰਡੀ ਹੀ ਘੱਲਿਆ ਕਰਾਂਗਾ। ਪਿੰਡ ਵਾਲ਼ਿਆਂ ਨੇ ਕਿਸੇ ਜਾਨਵਰ ਦੀ ਪੂਛ ਵੀ ਨਹੀਂ ਦੇਣੀ। ਐਨੇ ਮੁਸ਼ਕਿਲ ਹਾਲਾਤ ਚ ਮੌਤ ਦੇ ਮੂੰਹ ਚੋਂ ਜਾਨਵਰ ਕੱਢ ਕੇ ਲਿਆਉਣਾ ਅਤੇ ਇਹ ਪਿੰਡ ਵਾਲ਼ੇ ਬੈਠੇ ਬਿਠਾਏ ਮੁਫ਼ਤ ਚ ਲੈ ਜਾਂਦੇ ਨੇ। ਕੰਜਰ ਬਾਅਦ ਚ ਪੈਸੇ ਵੀ ਨਹੀਂ ਦਿੰਦੇ।

ਖ਼ੈਰ, ਰਾਤ ਦੇ ਦੋ ਵਜੇ ਕੁੰਮਾ ਜਿਵੇਂ ਹੀ ਨੜੇ ਦੇ ਜੰਗਲ ਚੋਂ ਨਿਕਲ਼ਿਆ ਅਤੇ ਹਿੰਦੋਸਤਾਨ ਵਿਚ ਵੜਨ ਲੱਗਿਆ, ਤਾਂ ਪਾਕ ਰੇਜਰਾਂ ਨੇ ਦੱਬ ਲਿਆ। ਕੁੰਮੇ ਨੂੰ ਐਨਾ ਮੌਕਾ ਵੀ ਨਾ ਮਿਲ਼ਿਆ ਕਿ ਉਹ ਦੁਬਾਰਾ ਜੰਗਲ ਵਿਚ ਵੜ ਸਕਦਾ। ਉਹ ਹੈਰਾਨ ਹੋਇਆ ਕਿ ਉਨ੍ਹਾਂ ਨੂੰ ਕਿਵੇਂ ਪਤਾ ਲੱਗਿਆ। ਉਹ ਓਸੇ ਸੋਚ ਵਿਚ ਸੀ ਕਿ ਉਹਦੇ ਹੱਥ ਪਿੱਠ 'ਤੇ ਬੰਨ੍ਹ ਦਿੱਤੇ ਗਏ ਅਤੇ ਰੇਂਜਰ ਹੈਡਕੁਆਟਰ ਵਿਚ ਲਿਜਾ ਕੇ ਮਾਰ-ਕੁੱਟ ਸ਼ੁਰੂ ਕਰ ਦਿੱਤੀ। ਕੁੰਮੇ ਨੇ ਆਪਣੀ ਜ਼ਬਾਨ ਐਹੋ ਜਿਹੀ ਬੰਦ ਕੀਤੀ ਕਿ ਰੇਜਰਾਂ ਦਾ ਹਰ ਤਰੀਕਾ ਫ਼ੇਲ ਹੋ ਗਿਆ। ਦੋ ਮਹੀਨੇ ਤਕ ਕੁੰਮੇ ਦੇ ਏਨੀ ਕੁੱਟ ਪਈ ਕਿ ਜ਼ਮੀਨ ਹਿੱਲਣ ਲਗਦੀ ਸੀ। ਰੋਜ਼ ਕੁੱਟ ਖਾਣ ਤੋਂ ਬਾਅਦ ਕੁੰਮਾ ਸੋਚਦਾ ਰਹਿੰਦਾ ਕਿ ਉਹਦੀ ਮੁਖ਼ਬਰੀ ਕਰਨ ਵਾਲ਼ਾ ਹੈ ਕੌਣ? ਛੇ ਮਹੀਨਿਆਂ ਤਕ ਰੇਜਰਾਂ ਨੇ ਕੁੰਮੇ ਤੋਂ ਕਬੂਲ-ਏ-ਜੁਰਮ ਕਰਵਾਉਣ ਦਾ ਹਰ ਹੱਥਕੰਡਾ ਵਰਤਿਆ। ਪਜਾਮੇ ਵਿਚ ਚੂਹੇ ਛੱਡੇ ਗਏ, ਪੁੱਠਾ ਲਟਕਾਇਆ ਗਿਆ, ਪਾਣੀ ਵਿਚ ਗੋਤੇ ਦਿੱਤੇ ਗਏ ਅਤੇ ਕੁੱਟ ਤਾਂ ਐਨੀ ਪਈ ਕਿ ਆਪ ਰੇਂਜਰਾਂ ਨੂੰ ਉਹਦੇ ਤੇ ਤਰਸ ਆਉਣ ਲੱਗਿਆ। ਜਦੋਂ ਉਹ ਕਿਸੇ ਤਰ੍ਹਾਂ ਵੀ ਨਾ ਮੰਨਿਆ ਤਾਂ ਸ਼ਰਾਬ ਦਾ ਕੇਸ ਬਣਾ ਕੇ ਉਹਨੂੰ ਮੰਡੀ ਅਹਿਮਦਾਬਾਦ ਥਾਣੇ ਘੱਲ ਦਿੱਤਾ ਗਿਆ। ਪਰ ਇਨ੍ਹਾਂ ਛੇ ਮਹੀਨਿਆਂ ਚ ਕੁੰਮਾ ਜਿਸਮਾਨੀ ਅਤੇ ਦਿਮਾਗੀ ਤੌਰ ਤੇ ਬਿਲਕੁਲ ਖੁੰਗਲ ਹੋ ਚੁੱਕਿਆ ਸੀ। ਕਿਉਂਕਿ ਰੇਂਜਰਾਂ ਦੇ ਡਰੋਂ ਕਿਸੇ ਨੇ ਵੀ ਪਿੰਡੋ ਆ ਕੇ ਉਹਦੀ ਖ਼ਬਰ ਨਾ ਲਈ ਅਤੇ ਦੂਜਾ ਇਹ ਕਿ ਉਹਦਾ ਭਾਈ ਜਲਾਲਦੀਨ ਰੇਂਜਰਾਂ ਦੀ ਕੁੱਟ ਨਾ ਝੱਲ ਸਕਣ ਕਾਰਨ ਚਾਰ ਮਹੀਨੇ ਪਹਿਲਾਂ ਮਰ ਗਿਆ। ਕੁੰਮੇ ਨੂੰ ਮੱਠਾ ਮੱਠਾ ਬੁਖ਼ਾਰ ਰਹਿਣ ਲਗਿਆ। ਉਹਨੂੰ ਮੰਡੀ ਅਹਮਿਦਾਬਾਦ ਥਾਣੇ ਵਿਚ ਛੇ ਮਹੀਨੇ ਤੱਕ ਰਖਿਆ ਗਿਆ, ਅਤੇ ਹਲਕੀਆਂ ਫੁਲਕੀਆਂ ਦਵਾਈਆਂ ਵੀ ਦਿੰਦੇ ਰਹੇ, ਪਰ ਬੁਖ਼ਾਰ ਨਾ ਉੱਤਰਿਆ। ਆਖ਼ਿਰ ਇਕ ਦਿਨ ਥਾਣੇਦਾਰ ਨੇ ਉਹਨੂੰ ਬੁਲਾਇਆ ਅਤੇ ਥੋੜਾ ਬਹੁਤਾ ਝਿੜਕ ਕੇ ਉਹਨੂੰ ਛੱਡ ਦਿੱਤਾ।

ਹਵਾਲਾਤ ਚੋਂ ਨਿਕਲਣ ਤੋਂ ਬਾਅਦ ਉਹਨੇ ਅੰਗੜਾਈ ਲਈ ਤੇ ਥੋੜਾ ਚਿਰ ਥਾਣੇ ਦੀ ਬਾਹਰਲੀ ਕੰਧ ਦੇ ਨਾਲ਼ ਲੱਗੇ ਕਿੱਕਰ ਦੇ ਮੁੱਢ ਨਾਲ਼ ਲੱਗ ਕੇ ਬੈਠ ਗਿਆ। ਇਹ ਸਿਆਲ਼ ਦੀ ਇਕ ਠੰਢੀ ਦੁਪਹਿਰ ਸੀ, ਉਹਦੇ ਉਪਰ ਕੋਈ ਕੱਪੜਾ ਵੀ ਨਹੀਂ ਸੀ। ਹਵਾ ਦਾ ਇਕ ਠੰਢਾ ਬੁੱਲਾ ਉਹਦੇ ਪਿੰਡੇ ਨੂੰ ਚੀਰ ਕੇ ਨਿਕਲ਼ ਗਿਆ। ਮੰਡੀ ਅਹਮਿਦਾਬਾਦ ਦੇ ਥਾਣੇ ਤੋਂ ਉਹਦਾ ਪਿੰਡ 22 ਕਿਲੋਮੀਟਰ ਦੂਰ ਸੀ। ਉਹ ਬਾਜਰੇ ਦੇ ਖੇਤ ਦੇ ਨਾਲ਼ ਨਾਲ਼ ਤੁਰਨ ਲੱਗਾ। ਬੁਖ਼ਾਰ ਠੰਢ ਕਰਕੇ ਹੋਰ ਤੇਜ਼ ਹੁੰਦਾ ਗਿਆ ਅਤੇ ਸਿਰ ਵੀ ਤੇਜ ਦੁਖਣ ਲੱਗਿਆ, ਪਰ ਉਹ ਚਲਦਾ ਗਿਆ। ਰਾਤ ਇਕ ਵਜੇ ਦੇ ਨੇੜੇ ਉਹਨੂੰ ਚੱਕਰ ਜਿਹਾ ਆਇਆ ਤੇ ਉਹ ਡਿੱਗ ਪਿਆ।

ਸਵੇਰੇ ਸੱਤ ਵਜੇ ਸ਼ਰੀਫ਼ ਹੁਸੈਨ ਨੇ ਕੁੰਮੇ ਦੇ ਪੁੱਤਰ ਤੁਫ਼ੈਲ ਨੂੰ ਦੱਸਿਆ ਕਿ ਤੇਰਾ ਬਾਪ ਖ਼ਰਬੂਜ਼ਿਆਂ ਦੇ ਖੇਤ ਵਿਚ ਬੇਹੋਸ਼ ਪਿਆ ਸੀ, ਮੈ ਬਹੁਤ ਮੁਸ਼ਕਿਲ ਨਾਲ਼ ਉਹਨੂੰ ਹੋਸ਼ ਵਿਚ ਲਿਆਂਦਾ, ਤਾਂ ਉਹ ਉਸ ਵੇਲੇ ਤੋਂ ਯਭਲ਼ੀਆਂ ਮਾਰ ਰਿਹਾ ਹੈ। ਉਹਨੇ ਮੈਨੂੰ ਪਛਾਣਿਆ ਵੀ ਨਹੀਂ। ਰੱਬ ਖ਼ੈਰ ਕਰੇ, ਮੈਨੂੰ ਤਾਂ ਲਗਦਾ ਵੀ ਉਹਦਾ ਦਿਮਾਗ਼ ਹਿੱਲ ਗਿਆ ਐ। ਉਹਨੂੰ ਬਹੁਤ ਤੇਜ਼ ਬੁਖ਼ਾਰ ਵੀ ਹੈ। ਲਗਦੈ ਬੁਖ਼ਾਰ ਉਹਦੇ ਸਿਰ ਨੂੰ ਚੜ੍ਹ ਗਿਆ ਹੈ।

ਇਹ 1998 ਦੀ ਗੱਲ ਹੈ। ਕੁੰਮੇ ਨੂੰ ਕਮਲੇ ਹੋਏ ਨੂੰ ਅਠਾਰਾਂ ਸਾਲ ਹੋ ਗਏ। ਪਹਿਲਾਂ ਪਹਿਲਾਂ ਤਾਂ ਬਹੁਤ ਇਲਾਜ ਕਰਵਾਇਆ। ਪਿੰਡ ਦੇ ਹਕੀਮ ਦੇ ਦੇਸੀ ਨੁਕਸਿਆਂ ਤੋ ਲੈ ਕੇ ਪੀਰ ਚਿਰਾਗ਼ ਸ਼ਾਹ ਦੇ ਤਵੀਤ ਵੀ ਅਜ਼ਮਾਏ। ਪਰ ਪਾਗਲਪਣ ਵਧਦਾ ਹੀ ਗਿਆ। ਇਸ ਦੌਰਾਨ ਉਹ ਕਦੇ ਕਦੇ ਠੀਕ ਵੀ ਹੋ ਜਾਂਦਾ; ਪਰ ਇਹ ਹਾਲਤ ਕੁਝ ਦਿਨਾਂ ਤੋਂ ਜਿਆਦਾ ਨਾ ਰਹਿੰਦੀ। ਪਿਛਲੇ ਦਸ ਸਾਲ ਤਾਂ ਉਹ ਇਕ ਪਲ ਲਈ ਵੀ ਠੀਕ ਨਹੀਂ ਹੋਇਆ। ਹੁਣ ਉਹ ਪਿੰਡ ਵਾਲ਼ਿਆਂ ਨੂੰ ਗਾਲ਼ਾਂ ਵੀ ਕੱਢਣ ਲੱਗ ਪਿਆ। ਜੋ ਵੀ ਕੋਲ਼ੋਂ ਦੀ ਲੰਘਦਾ, ਉਹਨੂੰ ਬੇਹੂਦਾ ਗਾਲ਼ਾਂ ਦਿੰਦਾ। ਹੌਲ਼ੀ ਹੌਲ਼ੀ ਹਾਲਤ ਇਹ ਹੋ ਗਈ ਕਿ ਉਹ ਲੋਕਾਂ ਦੇ ਰੋੜੇ ਚੁੱਕ ਚੁੱਕ ਮਾਰਨ ਲੱਗ ਪਿਆ। ਇਹ ਹਾਲਤ ਦੇਖ ਕੇ ਲੋਕ ਉਸਤੋਂ ਕੰਨੀ ਕਤਰਾ ਕੇ ਲੰਘਣ ਲੱਗੇ। ਏਧਰ ਇਹ ਉਹਨਾਂ ਦੀ ਇਸ ਹਰਕਤ ਤੇ ਹੋਰ ਵੀ ਗਾਲ਼ਾਂ ਦਿੰਦਾ ਉਨ੍ਹਾਂ ਦੇ ਪਿੱਛੇ ਭਜਣ ਲੱਗਿਆ, ਜੀਹਨੂੰ ਲੋਕਾਂ ਨੇ ਕੁਝ ਸਮਾਂ ਤਾਂ ਝੱਲਿਆ, ਪਰ ਫੇਰ ਉਹ ਤੰਗ ਆ ਗਏ, ਅਤੇ ਕੁੰਮੇ ਦੇ ਮੁੰਡੇ ਤੁਫ਼ੈਲ ਨੂੰ ਉਲਾਹਮੇ ਆਉਣ ਲੱਗੇ। ਜਦੋਂ ਉਲਾਹਮੇ ਵਦਣ ਲੱਗ ਪਏ, ਤਾਂ ਇਕ ਦਿਨ ਤੁਫ਼ੈਲ ਨੇ ਕ਼ਾਇਮ ਦੀਨ ਨੂੰ ਛੋਟੇ ਜਿਹੇ ਸੰਗਲ਼ ਨਾਲ਼ ਓਸੇ ਦੇ ਮੰਜੇ ਨਾਲ਼ ਬੰਨ੍ਹ ਦਿੱਤਾ, ਤਾਂ ਕਿ ਘਰੋਂ ਨਾ ਨਿਕਲ਼ੇ। ਕ਼ਾਇਮ ਦੀਨ ਦੋ ਤਿੰਨ ਦਿਨ ਤਾਂ ਓਸੇ ਹਾਲਤ ਵਿਚ ਰਿਹਾ, ਪਰ ਇਕ ਰਾਤ ਨੂੰ ਮੰਜੇ ਸਮੇਤ ਬਾਹਰ ਨਿਕਲ ਕੇ ਪਿੰਡ ਦੇ ਚੌਕ ਵਿਚ ਬੈਠ ਗਿਆ ਅਤੇ ਫੇਰ ਓਹੀ ਗਾਲ਼ਾਂ ਕੱਢਣ ਲੱਗਿਆ। ਇਹ ਦੇਖ ਕੇ ਤੁਫ਼ੈਲ ਨੇ ਉਹਦਾ ਮੰਜਾ ਘਰ ਵਿਚ ਖੜ੍ਹੀ ਬੇਰੀ ਨਾਲ਼ ਬੰਨ ਦਿੱਤਾ। ਹੁਣ ਕ਼ਾਇਮ ਦੀਨ ਘਰ ਦੇ ਲੋਕਾਂ ਨੂੰ ਸਾਰਾ ਸਾਰਾ ਦਿਨ ਕੋਸਦਾ ਅਤੇ ਸੰਗਲ਼ ਖੜਕਾਉਦਾ ਰਹਿੰਦਾ। ਦੋ ਤਿੰਨ ਮਹੀਨੇ ਇਸੇ ਤਰ੍ਹਾਂ ਲੰਘ ਗਏ। ਇਕ ਦਿਨ ਰੱਬ ਜਾਣੇ ਕਿਵੇਂ ਸੰਗਲ਼ ਟੁੱਟਿਆ ਤੇ ਕ਼ਾਇਮ ਦੀਨ ਆਜ਼ਾਦ ਹੋ ਗਿਆ। ਤੁਫ਼ੈਲ ਘਰੇ ਨਹੀਂ ਸੀ। ਤੀਵੀਂਆਂ ਤੋਂ ਫੜਿਆ ਨਾ ਗਿਆ। ਪਾਗਲਪਨ ਆਪਣੇ ਅੰਤ 'ਤੇ ਸੀ। ਸ਼ਾਮ ਤਕ ਕਈ ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਬਹੁਤਿਆਂ ਨੂੰ ਬੇਹੂਦਾ ਗਾਲ੍ਹਾਂ ਦਿੱਤੀਆਂ। ਪਿੰਡ ਵਿਚ ਬਹੁਤ ਰੌਲਾ ਪਿਆ। ਕੰਬਖ਼ਤ ਨੇ ਇਰਸ਼ਾਦ ਅਲੀ ਦੀ ਕੁੜੀ ਦੇ ਤਾਂ ਐਸੀ ਇੱਟ ਮਾਰੀ, ਵਿਚਾਰੀ ਸਿੱਧੀ ਹਸਪਤਾਲ ਪਹੁੰਚ ਗਈ। ਦੂਜਾ, ਮਸਜਿਦ ਵਿਚ ਵੜ ਕੇ ਸਾਰੇ ਨਮਾਜ਼ੀਆਂ ਦੇ ਸਿਰ 'ਚ ਮਿੱਟੀ ਪਾ ਦਿੱਤੀ ਅਤੇ ਜੁੱਤੀਆਂ ਚੁੱਕ ਕੇ ਖੂਹ ਵਿਚ ਸੁੱਟ ਦਿੱਤੀਆਂ। ਉਹਦੀ ਇਸ ਹਰਕਤ ਤੋਂ ਤੁਫ਼ੈਲ ਅੱਗ ਬਗੂਲਾ ਹੋ ਗਿਆ। ਮੌਲਵੀ ਸਾਹਬ ਨੇ ਬੁਰਾ ਭਲਾ ਕਿਹਾ। ਚੌਧਰੀ ਆਸ਼ਿਕ ਅਲੀ ਨੇ ਤੁਫ਼ੈਲ ਨੂੰ ਸੱਦ ਕੇ ਕਹਿ ਦਿੱਤਾ, "ਜੇ ਤੇਰੇ ਪਿਓ ਨੇ ਦੁਬਾਰਾ ਐਹੋ ਜਿਹੀ ਹਰਕਤ ਕੀਤੀ ਤਾਂ ਪਿੰਡ ਵਿੱਚੋਂ ਆਪਣਾ ਬੋਰੀ ਬਿਸਤਰ ਬੰਨ੍ਹ ਲਿਓ। ਬੁੜ੍ਹੇ ਨੇ ਵੀਹ ਸਾਲਾਂ ਤੋਂਸਭ ਨੂੰ ਕਮਲਾ ਕਰ ਰੱਖਿਆ ਹੈ, ਜਾਂ ਤਾਂ ਉਹਨੂੰ ਬੰਨ੍ਹ ਕੇ ਘਰ ਰੱਖੋ ਜਾਂ ਜ਼ਹਿਰ ਦੇ ਕੇ ਕਿੱਸਾ ਮੁਕਾਓ, ਤਾਂਕਿ ਨਿਤ ਦੀ ਘੈਂਸ ਘੈਂਸ ਤੋਂਜਾਨ ਛੁੱਟੇ।

ਇਸ ਕਰਕੇ ਤੁਫ਼ੈਲ ਨੇ ਕ਼ਾਇਮ ਦੀਨ ਨੂੰ ਹੁਣ ਜਿਹੜਾ ਸੰਗਲ਼ ਬੰਨ੍ਹਿਆ, ਉਹ ਕਿਸੇ ਮਸਤ ਹਾਥੀ ਵਾਸਤੇ ਵੀ ਕਾਫ਼ੀ ਸੀ। ਉਹਨੇ ਆਉਂਦਿਆਂ ਹੀ ਲੁਹਾਰ ਤੋਂ 15 ਕਿਲੋ ਦਾ ਸੰਗਲ਼ ਅਤੇ 2 ਕਿੱਲੋ ਦਾ ਦੇਸੀ ਤਾਲਾ ਬਣਵਾ ਕੇ ਕ਼ਾਇਮ ਦੀਨ ਨੂੰ ਬੇਰੀ ਦੇ ਮੋਟੇ ਤਣੇ ਨਾਲ਼ ਬੰਨ੍ਹ ਦਿੱਤਾ। ਕੋਲੇ ਇਕ ਮੰਜੀ ਰੱਖ ਦਿੱਤੀ ਕਿ ਚਾਹੇ ਤਾਂ ਮੰਜੀ 'ਤੇ ਪੈ ਜਾਇਆ ਕਰੇ ਨਹੀਂ ਤਾਂ ਜ਼ਮੀਨ ਤਾਂ ਹੈ ਹੀ। ਕ਼ਾਇਮ ਦੀਨ ਦੀ ਨੂੰਹ ਸਵੇਰੇ ਸ਼ਾਮ ਉਹਦੇ ਸਾਹਮਣੇ ਰੋਟੀ ਰੱਖ ਦਿੰਦੀ, ਕਿਉਂਕਿ ਉਹ ਸਕੀ ਭਤੀਜੀ ਵੀ ਸੀ। ਜੇ ਕੋਈ ਹੋਰ ਨੇੜੇ ਆਉਂਦਾ ਤਾਂ ਉਹ ਰੋਟੀ ਬਿਲਕੁਲ ਨਾਂ ਖਾਂਦਾ। ਕ਼ਾਇਮ ਦੀਨ ਨੂੰ ਉਸ ਸੰਗਲ਼ ਨਾਲ਼ ਬੰਨ੍ਹੇ ਨੂੰ ਛੇ ਮਹੀਨੇ ਹੋ ਗਏ ਸੀ। ਖੱਬੇ ਪਾਸੇ ਤੇ ਡੂੰਘੇ ਜ਼ਖ਼ਮ ਸਾਫ ਦਿਸਣ ਲੱਗ ਪਏ। ਦੋ ਸਾਲ ਤੋ ਨੂੰਹ ਰੋਜ਼ਾਨਾ ਉਸਦਾ ਮਲ ਵੀ ਸਾਫ਼ ਕਰਦੀ। ਇਹ ਉਸਦੀ ਦਿਨਚਰਿਆ ਵਿਚ ਸ਼ਾਮਿਲ ਸੀ।

ਪਿਛਲੇ ਇੱਕੀ ਵਰ੍ਹਿਆਂ ਵਿਚ ਬੇਰੀ ਐਨੀ ਫੈਲ ਗਈ ਸੀ ਕਿ ਪੂਰੇ ਅਹਾਤੇ ਨੂੰ ਆਪਣੇ ਘੇਰੇ ਚ ਲੈ ਲਿਆ। ਹਰੀਆਂ ਭਰੀਆਂ ਲਚਕੀਲੀਆਂ ਟਾਹਣੀਆਂ 'ਤੇ ਕਾਟੋਆਂ, ਤੋਤੇ ਚਿੜੀਆਂ ਚਹਿਕਦੇ ਰਹਿੰਦੇ। ਕਦੇ ਕਦੇ ਕ਼ਾਇਮ ਦੀਨ ਦੇ ਸਿਰ 'ਤੇ ਵੀ ਆ ਕੇ ਬੈਠ ਜਾਂਦੀਆਂ ਅਤੇ ਐਨਾ ਚੀਂ-ਚੀਂ ਕਰਦੀਆਂ ਕਿ ਕ਼ਾਇਮ ਦੀਨ ਦਾ ਸਾਰਾ ਧਿਆਨ ਉਨ੍ਹਾਂ ਵੱਲ ਚਲਿਆ ਜਾਂਦਾ। ਹੁਣ ਉਹ ਸਾਰਾ ਸਾਰਾ ਦਿਨ ਬੇਰੀ 'ਤੇ ਟਪੂਸੀਆਂ ਮਾਰਦੀਆਾਂ ਕਾਟੋਆਂ, ਰਸ ਚੂਸਦੀਆਂ ਸ਼ਹਿਦ ਦੀਆਂ ਮੱਖੀਆਂ ਅਤੇ ਹਰੇ ਪੱਤਿਆਂ ਵਿਚ ਚਹਿਕਦੀਆਂ ਚਿੜੀਆਂ ਨੂੰ ਵੇਖਦਾ ਰਹਿੰਦਾ। ਹੌਲੀ ਹੌਲੀ ਉਨ੍ਹਾਂ ਚ ਏਨਾ ਰਮ ਗਿਆ ਕੇ ਕਿਸੇ ਹੋਰ ਪਾਸੇ ਧਿਆਨ ਹੀ ਨਾ ਦਿੰਦਾ। ਹੁਣ ਗਾਹਲ਼ਾਂ ਕੱਢਣੀਆਂ ਤਾਂ ਇਕ ਪਾਸੇ, ਉਹਨੇ ਬੋਲਣਾ ਹੀ ਛੱਡ ਦਿੱਤਾ। ਬਸ ਟੁਕ ਟੁਕ ਬੇਰੀ ਦੀਆਂ ਟਾਹਣੀਆਂ ਵੱਲ ਵੇਖਦਾ ਤੇ ਚਹਿਕਦੇ ਹੋਏ ਪੰਛੀਆਂ ਵਿਚ ਹੀ ਮਗਨ ਰਹਿੰਦਾ।

ਸ਼ਾਇਦ 20 ਜੂਨ 1999 ਦਾ ਦਿਨ ਸੀ। ਤੁਫ਼ੈਲ ਆਪਣੀ ਘਰਵਾਲੀ ਨਾਲ਼ ਹੁਜਰੇ ਸ਼ਾਹ ਮੁਕੀਮ ਕਿਸੇ ਮਰਨੇ 'ਤੇ ਗਿਆ ਹੋਇਆ ਸੀ। ਉਹ ਕ਼ਾਇਮ ਦੀਨ ਦੀ ਜ਼ਿੰਮੇਵਾਰੀ ਆਪਣੇ ਗੁਆਂਢੀ ਨਜ਼ੀਰੇ ਨੂੰ ਸੌਂਪ ਗਿਆ, ਕਿਓਂਕਿ ਉਹਨੂੰ ਹੁਜਰੇ ਵਿਚ ਦੋ ਚਾਰ ਦਿਨ ਲੱਗ ਜਾਣੇ ਸਨ। ਉਨ੍ਹੀਂ ਦਿਨੀਂ ਇਹ ਖ਼ਬਰ ਉੱਡੀ ਕੇ ਹਿੰਦੋਸਤਾਨ ਨੇ ਸਤਲੁਜ ਦਾ ਪਾਣੀ ਛੱਡ ਦਿੱਤਾ ਹੈ। ਖ਼ਬਰ ਉਸ ਵੇਲੇ ਪਹੁੰਚੀ ਜਦੋਂ ਪਾਣੀ ਬਹੁਤ ਨੇੜੇ ਆ ਗਿਆ। ਇਸ ਖ਼ਬਰ ਨੇ ਸਾਰੇ ਠਾੜ੍ਹ ਵਿਚ ਡਰ ਫੈਲਾ ਦਿੱਤਾ। ਫੇਰ ਵੀ ਠਾੜ੍ਹ ਵਾਲ਼ਿਆਂ ਕੋਲ਼ ਬਚਣ ਵਾਸਤੇ ਕੁਝ ਸਮਾਂ ਸੀ। ਲੋਕਾਂ ਨੂੰ 32 ਵਰ੍ਹੇ ਪਹਿਲਾਂ ਦਾ ਹੜ੍ਹ ਯਾਦ ਸੀ। ਓਹਨਾਂ ਨੇ ਛੇਤੀ ਛੇਤੀ ਆਪਣੇ ਬੋਰੀਆਂ ਬਿਸਤਰੇ ਲਵੇਟੇ ਤੇ ਬੰਨ੍ਹ ਵੱਲ ਭੱਜ ਤੁਰੇ। ਹਰ ਕਿਸੇ ਦੀ ਇਹੀ ਕੋਸ਼ਿਸ਼ ਸੀ ਕਿ ਜੋ ਸਮਾਂ ਮਿਲ਼ਿਆ ਹੈ ਉਹਦਾ ਫ਼ਾਇਦਾ ਚੁੱਕ ਕੇ ਆਪਣੀ ਹਰ ਚੀਜ਼ ਬਚਾ ਕੇ ਲੈ ਜਾਣ। ਜਿਸ ਕਰਕੇ ਹਰ ਬੰਦਾ ਕੰਮ ਵਿਚ ਇੰਨਾ ਰੁੱਝਿਆ ਹੋਇਆ ਸੀ ਕਿ ਕਿਸੇ ਨੂੰ ਕਿਸੇ ਦੀ ਖ਼ਬਰ ਨਹੀਂ ਸੀ। ਜੀਹਨੂੰ ਦੇਖੋ ਆਪਣਾ ਸਾਮਾਨ ਗੱਡਿਆਂ ਅਤੇ ਰੇੜ੍ਹਿਆਂ ਉੱਤੇ ਬੰਨ ਕੇ ਬੰਨ੍ਹ ਵੱਲ ਭੱਜਿਆ ਜਾ ਰਿਹਾ ਹੈ। ਮਕਾਨਾਂ ਦੀਆਂ ਛੱਤਾਂ ਵਿੱਚੋਂ ਸ਼ਤੀਰ ਕੱਢ ਲਏ ਗਏ ਅਤੇ ਇਕ ਇਕ ਚੀਜ਼ ਸਮੇਟ ਲਈ ਗਈ। ਨਜ਼ੀਰੇ ਨੇ ਵੀ ਛੇਤੀ ਛੇਤੀ ਆਪਣਾ ਸਾਮਾਨ ਬੰਨ੍ਹਿਆ। ਸਮਾਂ ਬਹੁਤ ਘੱਟ ਸੀ ਜਦਕਿ ਪਾਣੀ ਠਾੜ੍ਹ ਵੱਲ ਨੂੰ ਤੇਜ਼ੀ ਨਾਲ਼ ਵਧ ਰਿਹਾ ਸੀ। ਉਹਨੇ ਆਪਣੇ ਸਾਰੇ ਪਸ਼ੂ ਡੰਗਰ ਅਤੇ ਸਾਮਾਨ ਦੋ ਤਿੰਨ ਚੱਕਰਾਂ ਵਿਚ ਬੰਨ੍ਹ ਉੱਤੇ ਪਹੁੰਚਾ ਦਿੱਤੇ। ਏਨੇ ਵਿਚ ਪਾਣੀ ਘਰ ਵਿਚ ਵੜ ਕੇ ਗਿੱਟਿਆਂ ਤੋਂ ਉੱਪਰ ਚੜ੍ਹਨ ਲੱਗਿਆ। ਤੁਫ਼ੈਲ ਨੂੰ ਜਦੋਂ ਹੜ੍ਹ ਦੀ ਖ਼ਬਰ ਮਿਲ਼ੀ ਤਾਂ ਉਹ ਛੇਤੀ ਨਾਲ਼ ਮੰਡੀ ਅਹਿਮਦਾਬਾਦ ਵਾਲ਼ੀ ਬੱਸ ਵਿਚ ਬੈਠਿਆ, ਤਾਂ ਕਿ ਵੇਲੇ ਨਾਲ਼ ਪਹੁੰਚ ਜਾ ਸਕੇ। ਉਹ ਮੰਡੀ ਅਹਿਮਦਾਬਾਦ ਪਹੁੰਚਿਆ ਤਾਂ ਸ਼ਾਮ ਦੇ ਪੰਜ ਵੱਜ ਚੁੱਕੇ ਸੀ। ਅਗਲਾ ਰਸਤਾ ਓਹਨੇ ਪੈਦਲ ਤੈਅ ਕਰਨਾ ਸੀ, ਕਿਓਂਕਿ ਉਸ ਇਲਾਕੇ ਵਿਚ ਬੱਸ ਜਾਂ ਤਾਂਗੇ ਨਹੀਂ ਜਾਂਦੇ ਸਨ। ਓਧਰ ਪਿੰਡ ਵਿਚ ਪਾਣੀ ਗੋਡਿਆਂ ਤੋਂ ਉੱਤੇ ਆ ਚੁੱਕਿਆ ਸੀ। ਸ਼ਾਮ ਦੇ ਛੇ ਵਜੇ ਤੱਕ ਦਰਿਆ ਨੇ ਬਚੀਆਂ-ਖੁਚੀਆਂ ਕੰਧਾਂ ਅਤੇ ਮਕਾਨ ਵੀ ਬਰਾਬਰ ਕਰ ਦਿੱਤੇ। ਕ਼ਾਇਮ ਦੀਨ ਦਾ ਮੰਜਾ ਪਾਣੀ ਵਿਚ ਡੁੱਬ ਚੁੱਕਿਆ ਸੀ, ਪਰ ਉਹ ਬੇਫ਼ਿਕਰੀ ਨਾਲ਼ ਪ੍ਰੇਸ਼ਾਨੀ ਵਿਚ ਦੌੜਦੇ ਹੋਏ ਲੋਕਾਂ ਦੇਖਣ ਵਿਚ ਮਗਨ ਸੀ। ਹਰ ਕਿਸੇ ਨੂੰ ਆਪਣੀ ਪਈ ਸੀ। ਲੋਕ ਕ਼ਾਇਮ ਦੀਨ ਨੂੰ ਸੰਗਲ਼ ਨਾਲ਼ ਬੰਨ੍ਹਿਆ ਹੋਇਆ ਦੇਖਦੇ ਅਤੇ ਲੰਘ ਜਾਂਦੇ।

ਨਜ਼ੀਰੇ ਨੇ ਬੰਨ੍ਹ 'ਤੇ ਪਹੁੰਚ ਕੇ ਸੁੱਖ ਦਾ ਸਾਹ ਲਿਆ ਅਤੇ ਸੋਚਿਆ, ਸ਼ੁਕਰ ਹੈ, ਹਰ ਚੀਜ਼ ਸਹੀ ਸਲਾਮਤ ਪਹੁੰਚ ਗਈ। ਪਰ ਅਚਾਨਕ ਉਸ ਦੇ ਦਿਲ ਨੂੰ ਡੋਬਾ-ਜਿਹਾ ਪਿਆ। ਉਹਨੂੰ ਖ਼ਿਆਲ ਆਇਆ ਕਿ ਤੁਫ਼ੈਲ ਨੇ ਕਾਇਮ ਦੀਨ ਦੀ ਜ਼ਿੰਮੇਦਾਰੀ ਉਹਨੂੰ ਸੌਂਪੀ ਸੀ। ਪਰ ਹਫ਼ਰਾਤਫ਼ਰੀ ਚ ਕੁਛ ਯਾਦ ਨਾ ਰਿਹਾ। ਉਹਨੇ ਸੋਚਿਆ ਕਿ ਵਾਪਸ ਜਾਵੇ, ਪਰ ਪਾਣੀ ਦੇ ਰੌਲ਼ੇ ਅਤੇ ਹਨੇਰੇ ਤੋਂ ਡਰ ਗਿਆ। ਸੋਚਿਆ ਕਿ ਪਾਣੀ ਤਾਂ ਬਹੁਤ ਉੱਪਰ ਆ ਚੁੱਕਿਆ ਹੈ ਅਤੇ ਸੰਗਲ਼ ਦੀ ਚਾਬੀ ਵੀ ਮੇਰੇ ਕੋਲ਼ ਨਹੀਂ, ਇਸ ਕਰਕੇ ਹੁਣ ਜਾਣ ਦਾ ਕੋਈ ਫਾਇਦਾ ਨਹੀਂ।

ਪਾਣੀ ਜਦੋਂ ਕ਼ਾਇਮ ਦੀਨ ਦੇ ਗੋਡਿਆਂ ਤੋਂ ਉੱਪਰ ਚੜ੍ਹਿਆ, ਤਾਂ ਉਹ ਬੇਰੀ ਦੇ ਤਣੇ ਨਾਲ਼ ਚਿੰਬੜ ਗਿਆ। ਅਤੇ ਬੇਰੀ 'ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਿਆ। ਪਰ ਪੈਰਾਂ ਚ ਪਿਆ ਸੰਗਲ਼ ਰੁਕਾਵਟ ਬਣ ਗਿਆ। ਤੁਫ਼ੈਲ ਹਾਲੇ ਤਕ ਅੱਠ ਕਿਲੋਮੀਟਰ ਆਪਣੇ ਘਰ ਤੋਂ ਦੂਰ ਸੀ। ਕਦੇ ਭੱਜਦਾ ਅਤੇ ਕਦੇ ਤੁਰਦਾ ਪਰ ਏਨਾ ਰਸਤਾ ਕੁ ਘੰਟਿਆਂ 'ਚ ਤੈਅ ਕਰਨਾ ਸੌਖਾ ਨਹੀਂ ਸੀ, ਜਦਕਿ ਠਾੜ੍ਹ ਵਿਚ ਪਾਣੀ ਗੋਡਿਆਂ ਤੋਂ ਉੱਪਰ ਹੋ ਚੁੱਕਿਆ ਸੀ।

ਰਾਤ ਨੌਂ ਵਜੇ ਦੇ ਨੇੜੇ ਪਾਣੀ ਜਦ ਕ਼ਾਇਮ ਦੀਨ ਦੇ ਮੋਢਿਆਂ ਤਕ ਪਹੁੰਚਿਆ ਤਾਂ ਉਹਨੇ ਤੇਜ਼ੀ ਨਾਲ਼ ਆਪਣੇ ਪੈਰ ਪਟਕਣੇ ਸ਼ੁਰੂ ਕਰ ਦਿੱਤੇ। ਕਦੇ ਹੱਥਾਂ ਨਾਲ਼ ਸੰਗਲ਼ ਨੂੰ ਖਿੱਚਦਾ ਅਤੇ ਜ਼ੋਰ ਨਾਲ਼ ਹੱਥ ਪੈਰ ਮਾਰਦਾ। ਕਦੇ ਬੇਰੀ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਪਰ ਸੰਗਲ਼ ਫੇਰ ਅੜਚਣ ਬਣ ਜਾਂਦਾ। ਆਖ਼ਿਰ 70 ਸਾਲ ਦਾ ਬੁੱਢਾ 15 ਕਿੱਲੋ ਭਾਰੇ ਲੋਹੇ ਦੇ ਸੰਗਲ਼ ਨਾਲ਼ ਕਿੰਨਾ ਕੁ ਝੂਜਦਾ, ਬੇਸੁਧ ਜਿਹਾ ਹੋ ਗਿਆ ਅਤੇ ਜਿਥੋਂ ਤੱਕ ਹੋ ਸਕਦਾ ਸੀ ਉੱਪਰ ਚੜ੍ਹ ਕੇ ਬੇਰੀ ਦੇ ਤਣੇ ਨਾਲ਼ ਚਿੰਬੜ ਗਿਆ। ਪਾਣੀ ਸੀ ਕਿ ਥੋੜੇ ਚਿਰ ਬਾਅਦ ਹੋਰ ਉੱਚਾ ਹੋ ਜਾਂਦਾ। ਹੁਣ ਕ਼ਾਇਮ ਦੀਨ ਕੋਈ ਪੰਜ ਫੁੱਟ ਦੀ ਉਚਾਈ ਤੇ ਸੰਗਲ਼ ਸਮੇਤ ਬੇਰੀ ਦੇ ਤਣੇ ਨਾਲ਼ ਚਿੰਬੜਿਆ ਹੋਇਆ ਸੀ। ਉਹਦੇ ਹੱਥ ਪੈਰ ਏਨੀ ਭਾਰੇ ਸੰਗਲ਼ ਨੂੰ ਲਗਾਤਾਰ ਚੁੱਕੀ ਕਿਰਲੀ ਵਾਂਗ ਚਿੰਬੜੇ ਰਹਿਣ ਦੇ ਕਾਰਨ ਸੁੰਨ ਹੋ ਗਏ। ਉੱਤੋਂ ਜ਼ੁਲਮ ਇਹ ਕੇ ਪਾਣੀ ਦਾ ਪੱਧਰ ਹੋਰ ਉੱਚਾ ਹੋ ਗਿਆ। ਹੌਲੀ ਹੌਲੀ ਪਾਣੀ ਐਨਾ ਉੱਚਾ ਹੋ ਗਿਆ ਕਿ ਕ਼ਾਇਮ ਦੀਨ ਗ਼ੋਤੇ ਖਾਣ ਲੱਗਿਆ। ਉਹ ਵਾਰੀ ਵਾਰੀ ਪੈਰ ਨਾਲ਼ ਸੰਗਲ਼ ਪਟਕਦਾ ਤੇ ਗ਼ੋਤੇ ਖਾਂਦਾ ਰਿਹਾ। ਪਰ ਸਭ ਕੁਝ ਬੇਕਾਰ ਸੀ। ਅੰਨ੍ਹੇਰੀ ਰਾਤ ਵਿਚ ਪਾਣੀ ਤੋਂ ਬਿਨਾਂ ਉਹਨੂੰ ਕੋਈ ਚੀਜ਼ ਨਹੀਂ ਦਿਸ ਰਹੀ ਸੀ। ਏਥੋਂ ਤੱਕ ਕੇ ਰਾਤ ਦੇ ਦਸ ਵਜੇ ਪਾਣੀ ਦਾ ਪਹਿਲਾਂ ਘੁੱਟ ਉਸਦੇ ਮੂੰਹ ਅੰਦਰ ਚਲਿਆ ਗਿਆ।

ਪਾਣੀ ਐਨਾ ਜ਼ਿਆਦਾ ਸੀ ਕਿ ਕ਼ਾਇਮ ਦੀਨ ਸਾਹ ਨਾ ਲੈ ਸਕਿਆ। ਬੇਬਸੀ ਦੀ ਹਾਲਤ ਵਿਚ ਉਹਦੇ ਮੂੰਹ ਵਿਚੋਂ ਇਕ ਜ਼ੋਰਦਾਰ ਚੀਕ ਨਿਕਲ਼ੀ ਜੀਹਦੀ ਆਵਾਜ ਸੁਣ ਕੇ ਸਾਰਾ ਠਾੜ੍ਹ ਸਹਿਮ ਗਿਆ। ਫੇਰ ਪਾਣੀ ਦੇ ਅੰਦਰ ਕੁਝ ਦੇਰ ਇਕ ਭਰਪੂਰ ਹਲਚਲ ਹੋਈ, ਫੇਰ ਚੁੱਪ ਛਾ ਗਈ। ਤੂਫ਼ੈਲ ਹਾਲੇ ਤੱਕ ਆਪਣੇ ਪਿੰਡ ਤੋਂ ਚਾਰ ਕਿਲੋਮੀਟਰ ਦੂਰ ਸੀ।

ਪੰਜਾਬੀ ਅਨੁਵਾਦ: ਜਸਦੀਪ ਸਿੰਘ

ਈ-ਮੇਲ: jasdeep.jogewala@gmail.com

ਅਲੀ ਅਕਬਰ ਨਾਤਿਕ ਲਹਿੰਦੇ ਪੰਜਾਬ ਦਾ ਉਰਦੂ ਸ਼ਾਇਰ ਤੇ ਕਹਾਣੀਕਾਰ ਹੈ। ਉਹਦੀ ਸ਼ਾਇਰੀ ਦੋਵਾਂ ਮੁਲਕਾਂ ਵਿਚ ਮਕਬੂਲ ਹੈ ਤੇ ਉਹਦੀਆਂ ਕਹਾਣੀਆਂ ਦੇ ਅੰਗਰੇਜ਼ੀ ਤੇ ਹਿੰਦੀ ਅਨੁਵਾਦ ਦੀਆਂ ਕਿਤਾਬਾਂ ਛਪ ਚੁੱਕੀਆਂ ਹਨ। ਉਹਦੀਆਂ ਕਹਾਣੀਆਂ 'ਤੇ ਆਧਾਰਿਤ ਹਿੰਦੋਸਤਾਨੀ ਨਾਟਕ "ਏਕ ਪੰਜਾਬ ਯੇਹ ਭੀ" ਬੰਬਈ ਤੇ ਦਿੱਲੀ ਵਿਚ ਖੇਡਿਆ ਜਾ ਚੁੱਕਿਆ ਹੈ।

ਇਹ ਕਹਾਣੀ ਅਮ੍ਰਿਤਸਰੋਂ ਛਪਦੇ ਪੰਜਾਬੀ ਰਿਸਾਲੇ ਵਾਹਗਾ ਦੇ 6ਵੇਂ ਅੰਕ ਅਕਤੂਬਰ-ਦਿਸੰਬਰ 2017 ਵਿੱਚ ਛਪੀ ਸੀ।

ਹਵਾਲੇ:

ਨਾਤਿਕ, ਅਲੀ ਅਕਬਰ (2017) ਸ਼ਾਹ ਮੁਹੰਮਦ ਕਾ ਟਾਂਗਾ ਅਨੁਵਾਦ: ਮਿਰਜ਼ਾ ਏ. ਬੀ. ਬੇਗ਼ (ਨਈ ਦਿੱਲੀ: ਜਗਰਨੌਟ ਬੁਕਸ)

___ (2012) ਕ਼ਾਇਮ ਦੀਨ (ਕਰਾਚੀ: ਔਕਸਫ਼ੋਰਡ ਯੂਨੀਵਰਸਿਟੀ ਪਰੈੱਸ)

___ (2015) ਵਟ ਵਿੱਲ ਯੂ ਗਿਵ ਫੌਰ ਦਿਸ ਬਿਊਟੀ ਅਨੁਵਾਦ: ਅਲੀ ਮਦੀਹ ਹਾਸ਼ਮੀ (ਨਈ ਦਿੱਲੀ: ਪੈਂਗੂਇਨ ਬੁਕਸ)

Posted on:
August 15, 2024
Length:
26 minute read, 5491 words
See Also: